ਸੜਕ ਹਾਦਸੇ ਵਿਚ ਜ਼ਖਮੀ ਵਿਅਕਤੀ ਦੀ ਇਲਾਜ ਦੌਰਾਨ ਮੌਤ

ਕਪੂਰਥਲਾ, 9 ਅਗਸਤ (ਅਮਨਜੋਤ ਸਿੰਘ ਵਾਲੀਆ)- ਕਪੂਰਥਲਾ ਸੁਲਤਾਨਪੁਰ ਲੋਧੀ ਰੋਡ ’ਤੇ ਸ਼ੇਖੂਪੁਰ ਨਜ਼ਦੀਕ ਬੀਤੀ ਦੇਰ ਰਾਤ ਦੋ ਕਾਰਾਂ ਦੀ ਟੱਕਰ ਵਿਚ ਦੋ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸਨ, ਜਿਨ੍ਹਾਂ ਨੂੰ ਸਥਾਨਕ ਲੋਕਾਂ ਨੇ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ, ਜਿਥੇ ਡਿਊਟੀ ਡਾਕਟਰ ਨੇ ਮੁੱਢਲੇ ਇਲਾਜ ਤੋਂ ਬਾਅਦ ਦੋਵਾਂ ਨੂੰ ਹਾਇਰ ਸੈਂਟਰ ਰੈਫ਼ਰ ਕਰ ਦਿੱਤਾ। ਇਸ ਹਾਦਸੇ ਵਿਚ ਗੰਭੀਰ ਰੂਪ ਵਿਚ ਜ਼ਖਮੀ ਹੋਇਆ ਵਿਅਕਤੀ ਮਨਰੂਪ ਸਿੰਘ ਵਾਸੀ ਸ਼ੇਖੂਪੁਰ ਦੀ ਜਲੰਧਰ ਦੇ ਨਿੱਜੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਏ.ਐਸ.ਆਈ. ਸਤਨਾਮ ਸਿੰਘ ਤੇ ਹੈੱਡ ਕਾਂਸਟੇਬਲ ਅਮਰੀਕ ਸਿੰਘ ਨੇ ਦੱਸਿਆ ਕਿ ਸ਼ੇਖੂਪੁਰ ਨਜ਼ਦੀਕ ਦੋ ਕਾਰਾਂ ਦੀ ਟੱਕਰ ਵਿਚ ਮਨਰੂਪ ਸਿੰਘ ਗੰਭੀਰ ਜ਼ਖਮੀ ਹੋ ਗਿਆ ਸੀ, ਜਿਸ ਦੀ ਅੱਜ ਇਲਾਜ ਦੌਰਾਨ ਮੌਤ ਹੋ ਗਈ। ਇਸ ਸੰਬੰਧੀ ਸੂਚਨਾ ਮਿਲਣ ’ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਕਪੂਰਥਲਾ ਦੇ ਮੁਰਦਾ ਘਰ ਵਿਚ ਰਖਵਾ ਦਿੱਤਾ ਗਿਆ ਹੈ ਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਜਾਵੇਗੀ।