ਜਲਦ ਠੀਕ ਹੋ ਕੇ ਆਉਣਗੇ ਮੁੱਖ ਮੰਤਰੀ ਮਾਨ- ਸੰਜੇ ਸਿੰਘ

ਚੰਡੀਗੜ੍ਹ, 8 ਸਤੰਬਰ- ਅੱਜ ‘ਆਪ’ ਦੇ ਸੰਸਦ ਮੈਂਬਰ ਸੰਜੇ ਸਿੰਘ ਮੁੱਖ ਮੰਤਰੀ ਭਗਵੰਤ ਮਾਨ ਦਾ ਹਾਲ ਜਾਨਣ ਲਈ ਹਸਪਤਾਲ ਪੁੱਜੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਜਲਦ ਠੀਕ ਹੋ ਕੇ ਆਉਣਗੇ ਤੇ ਮੁੜ ਲੋਕਾਂ ਦੀ ਸੇਵਾ ਵਿਚ ਜੁਟਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਹਾਲਤ ਅੱਗੇ ਨਾਲੋਂ ਕਾਫ਼ੀ ਚੰਗੀ ਹੈ ਤੇ ਪੂਰੀ ਗੱਲਬਾਤ ਦੌਰਾਨ ਉਨ੍ਹਾਂ ਸਿਰਫ਼ ਪੰਜਾਬ ’ਚ ਆਏ ਹੜ੍ਹਾਂ ਬਾਰੇ ਹੀ ਗੱਲ ਕੀਤੀ। ਉਨ੍ਹਾਂ ਅੱਗੇ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆ ਰਹੇ ਹਨ ਤੇ ਉਨ੍ਹਾਂ ਨੂੰ ਪੰਜਾਬ ਲਈ ਵੱਡੇ ਰਾਹਤ ਪੈਕਜ ਦਾ ਐਲਾਨ ਕਰਨਾ ਚਾਹੀਦਾ ਹੈ ਤੇ ਜੋ ਵੀ ਕੇਂਦਰ ਕੋਲ ਪੰਜਾਬ ਦੇ ਫ਼ੰਡ ਹਨ, ਉਨ੍ਹਾਂ ਨੂੰ ਵੀ ਜਲਦ ਤੋਂ ਜਲਦ ਪੰਜਾਬ ਨੂੰ ਦੇ ਦੇਣਾ ਚਾਹੀਦਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਜਦੋਂ ਵੀ ਦੁਨੀਆ ਵਿਚ ਕੋਈ ਵੀ ਕੁਦਰਤੀ ਮਾਰ ਪਈ ਹੈ ਤਾਂ ਸਭ ਤੋਂ ਪਹਿਲਾਂ ਪੰਜਾਬ ਮਦਦ ਲਈ ਅੱਗੇ ਆਉਂਦਾ ਹੈ ਤੇ ਅੱਜ ਸਾਰਿਆਂ ਨੂੰ ਮਿਲ ਕੇ ਪੰਜਾਬ ਦੀ ਮਦਦ ਕਰਨੀ ਚਾਹੀਦੀ ਹੈ।