ਜੰਮੂ: ਪੁਲਿਸ ਦੀ ਅੱਤਵਾਦੀਆਂ ਨਾਲ ਮੁਠਭੇੜ, ਇਕ ਸਿਪਾਹੀ ਸ਼ਹੀਦ


ਸ੍ਰੀਨਗਰ, 20 ਸਤੰਬਰ- ਅਧਿਕਾਰੀਆਂ ਨੇ ਦੱਸਿਆ ਕਿ ਅੱਜ ਤੜਕੇ ਊਧਮਪੁਰ ਜ਼ਿਲ੍ਹੇ ਦੇ ਉੱਚੇ ਇਲਾਕਿਆਂ ਤੇ ਜੰਗਲੀ ਖੇਤਰ ਵਿਚ ਅੱਤਵਾਦੀਆਂ ਦੀ ਭਾਲ ਸ਼ੁਰੂ ਕਰਨ ਦੌਰਾਨ ਅੱਤਵਾਦੀਆਂ ਨਾਲ ਮੁਕਾਬਲੇ ਵਿਚ ਗੰਭੀਰ ਜ਼ਖ਼ਮੀ ਹੋਏ ਇਕ ਸਿਪਾਹੀ ਦੀ ਮੌਤ ਹੋ ਗਈ।
ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਦੇਰ ਸ਼ਾਮ ਅੱਤਵਾਦੀਆਂ ਨੇ ਊਧਮਪੁਰ ਦੇ ਡੂਡੂ-ਬਸੰਤਗੜ੍ਹ ਖੇਤਰ ਅਤੇ ਡੋਡਾ ਦੇ ਭਦਰਵਾਹ ਵਿਚ ਸਿਓਜ ਧਾਰ ਜੰਗਲ ਸਰਹੱਦ ’ਤੇ ਫੌਜ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐਸ.ਓ.ਜੀ.) ਦੀ ਸਾਂਝੀ ਸਰਚ ਪਾਰਟੀ ’ਤੇ ਗੋਲੀਬਾਰੀ ਕੀਤੀ, ਜਿਸ ਕਾਰਨ ਸਿਪਾਹੀ ਜ਼ਖਮੀ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਸਿਪਾਹੀ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆਂ ਦਮ ਤੋੜ ਗਿਆ।
ਅਧਿਕਾਰੀਆਂ ਨੇ ਕਿਹਾ ਕਿ ਮੁਕਾਬਲੇ ਵਾਲੀ ਥਾਂ ਦੇ ਆਲੇ-ਦੁਆਲੇ ਦੇ ਖੇਤਰ ਨੂੰ ਰਾਤ ਭਰ ਸਖ਼ਤ ਘੇਰਾਬੰਦੀ ਹੇਠ ਰੱਖਿਆ ਗਿਆ ਸੀ ਅਤੇ ਸ਼ਨੀਵਾਰ ਸਵੇਰੇ ਸਾਂਝਾ ਤਲਾਸ਼ੀ ਅਭਿਆਨ ਮੁੜ ਸ਼ੁਰੂ ਕੀਤਾ ਗਿਆ। ਮੰਨਿਆ ਜਾ ਰਿਹਾ ਹੈ ਕਿ ਦੋ ਤੋਂ ਤਿੰਨ ਅੱਤਵਾਦੀ ਜੰਗਲੀ ਖੇਤਰ ਵਿਚ ਲੁਕੇ ਹੋਏ ਹਨ।
ਉਨ੍ਹਾਂ ਨੇ ਅੱਗੇ ਕਿਹਾ ਕਿ ਹੁਣ ਤੱਕ ਅੱਤਵਾਦੀਆਂ ਨਾਲ ਕੋਈ ਸੰਪਰਕ ਨਹੀਂ ਹੋਇਆ ਹੈ। ਸੁਰੱਖਿਆ ਬਲਾਂ ਨੇ ਉਸ ਖ਼ੇਤਰ ਵਿਚ ਹਥਿਆਰਾਂ ਅਤੇ ਗੋਲਾ ਬਾਰੂਦ ਦਾ ਇਕ ਵੱਡਾ ਭੰਡਾਰ ਵੀ ਬਰਾਮਦ ਕੀਤਾ ਹੈ।