ਅਮਰੀਕਾ ਐਚ 1-ਬੀ ਵੀਜ਼ਾ ਲਈ ਵਸੂਲੇਗਾ 88 ਲੱਖ ਰੁਪਏ

ਵਾਸ਼ਿੰਗਟਨ, 20 ਸਤੰਬਰ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਤੇ ਦਿਨ ਐਚ 1-ਬੀ ਵੀਜ਼ਾ ਸੰਬੰਧੀ ਇਕ ਵੱਡਾ ਹੁਕਮ ਜਾਰੀ ਕੀਤਾ ਹੈ। ਉਨ੍ਹਾਂ ਨੇ ਐਚ 1-ਬੀ ਵੀਜ਼ਾ ਦੀ ਸਾਲਾਨਾ ਫੀਸ ਸੰਬੰਧੀ ਇਕ ਕਾਰਜਕਾਰੀ ਆਦੇਸ਼ ’ਤੇ ਅੱਜ ਦਸਤਖ਼ਤ ਕੀਤੇ। ਇਸ ਨਵੇਂ ਆਦੇਸ਼ ਦੇ ਅਨੁਸਾਰ ਐਚ 1-ਬੀ ਵੀਜ਼ਾ ਫ਼ੀਸ ਨੂੰ ਵਧਾ ਕੇ 100,000 ਡਾਲਰ (ਲਗਭਗ 88 ਲੱਖ ਰੁਪਏ) ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਐਚ 1-ਬੀ ਦੀ ਫ਼ੀਸ 1 ਤੋਂ 6 ਲੱਖ ਰੁਪਏ ਤੱਕ ਸੀ। ਟਰੰਪ ਦੇ ਇਸ ਫੈਸਲੇ ਦਾ ਅਮਰੀਕਾ ਵਿਚ ਕੰਮ ਕਰਨ ਵਾਲੇ ਭਾਰਤੀ ਪੇਸ਼ੇਵਰਾਂ ’ਤੇ ਮਹੱਤਵਪੂਰਨ ਪ੍ਰਭਾਵ ਪੈ ਸਕਦਾ ਹੈ। ਇਹ ਧਿਆਨ ਦੇਣ ਯੋਗ ਹੈ ਕਿ ਵੱਡੀ ਗਿਣਤੀ ਵਿਚ ਭਾਰਤੀ ਐਚ 1-ਬੀ ਵੀਜ਼ਾ ’ਤੇ ਅਮਰੀਕਾ ਵਿਚ ਨੌਕਰੀ ਕਰਦੇ ਹਨ।
ਵਾਈਟ ਹਾਊਸ ਨੇ ਰਾਸ਼ਟਰਪਤੀ ਟਰੰਪ ਦੇ ਫੈਸਲੇ ’ਤੇ ਪ੍ਰਤੀਕਿਰਿਆ ਦਿੱਤੀ ਹੈ। ਵਾਈਟ ਹਾਊਸ ਦੇ ਸਟਾਫ਼ ਸਕੱਤਰ ਵਿਲ ਸ਼ਾਰਫ ਨੇ ਕਿਹਾ ਕਿ ਇਹ ਕਦਮ ਅਮਰੀਕੀ ਨੌਕਰੀਆਂ ਦੀ ਰੱਖਿਆ ਅਤੇ ਵੀਜ਼ਾ ਪ੍ਰਣਾਲੀ ਦੀ ਦੁਰਵਰਤੋਂ ਨੂੰ ਰੋਕਣ ਲਈ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਐਚ 1-ਬੀ ਵੀਜ਼ਾ ਦੁਨੀਆ ਦਾ ਸਭ ਤੋਂ ਵੱਧ ਦੁਰਵਰਤੋਂ ਕੀਤਾ ਜਾਣ ਵਾਲਾ ਵੀਜ਼ਾ ਹੈ। ਇਸ ਲਈ ਸਿਰਫ਼ ਉਹ ਹੀ ਲੋਕ ਅਮਰੀਕਾ ਆਉਣਗੇ, ਜੋ ਸਹੀ ਮਾਇਨੇ ਵਿਚ ਬਹੁਤ ਹੁਨਰਮੰਦ ਹਨ ਅਤੇ ਅਮਰੀਕੀ ਕਾਮਿਆਂ ਦੁਆਰਾ ਉਨ੍ਹਾਂ ਦੀ ਥਾਂ ਨਹੀਂ ਲਈ ਜਾ ਸਕਦੀ।
ਦੱਸ ਦੇਈਏ ਕਿ ਇਸ ਦਾ ਸਿੱਧਾ ਅਸਰ ਆਈ.ਟੀ. ਪ੍ਰਫੈਸ਼ਨਲ ਭਾਰਤੀਆਂ ’ਤੇ ਹੋਵੇਗਾ ਤੇ ਇਹ ਬਦਲਾਅ ਜਲਦ ਹੀ ਲਾਗੂ ਕੀਤੇ ਜਾਣਗੇ।