ਸਿਹਤ ਮੰਤਰੀ ਡਾ. ਬਲਵੀਰ ਸਿੰਘ ਵਲੋਂ ਸਿਵਲ ਹਸਪਤਾਲ ਨਾਭਾ ਦਾ ਦੌਰਾ

ਨਾਭਾ, 28 ਸਤੰਬਰ (ਜਗਨਾਰ ਸਿੰਘ ਦੁਲੱਦੀ)-ਪੰਜਾਬ ਅੰਦਰ ਦਿਨੋਂ-ਦਿਨ ਫੈਲ ਰਹੀ ਡੇਂਗੂ ਦੀ ਬੀਮਾਰੀ ਨੂੰ ਲੈ ਕੇ ਅੱਜ ਸੂਬੇ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵਲੋਂ ਸਿਵਲ ਹਸਪਤਾਲ ਨਾਭਾ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵੀ ਮੌਜੂਦ ਸਨ। ਸਿਹਤ ਮੰਤਰੀ ਵਲੋਂ ਜਿਥੇ ਸਿਵਲ ਹਸਪਤਾਲ ਦੇ ਡੇਂਗੂ ਵਾਰਡ ਦਾ ਦੌਰਾ ਕੀਤਾ ਗਿਆ, ਉਥੇ ਸ਼ਹਿਰ ਦੇ ਮੁਹੱਲਿਆਂ ਵਿਚ ਜਾ ਕੇ ਖੁਦ ਕੂਲਰ, ਗਮਲੇ, ਟਾਇਰ ਆਦਿ ਚੈੱਕ ਕੀਤੇ ਗਏ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਬਲਵੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਅਨੁਸਾਰ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਉਹ ਤਤਪਰ ਹਨ ਤੇ ਕਿਹਾ ਕਿ ਸਿਹਤ ਵਿਭਾਗ ਵਲੋਂ ਸ਼ਹਿਰ ਅਤੇ ਪਿੰਡਾਂ ਵਿਚ ਜੰਗੀ ਪੱਧਰ ਉਤੇ ਫੌਗਿੰਗ ਕਰਵਾਈ ਜਾ ਰਹੀ ਹੈ ਤਾਂ ਜੋ ਡੇਂਗੂ ਅਤੇ ਮਲੇਰੀਏ ਦੇ ਕੇਸਾਂ ਵਿਚ ਠੱਲ੍ਹ ਪਾਈ ਜਾ ਸਕੇ। ਇਸ ਮੌਕੇ ਐਸ.ਡੀ.ਐਮ. ਇਸਮਤ ਵਿਜੇ ਸਿੰਘ, ਐਸ.ਐਮ.ਓ. ਡਾਕਟਰ ਵੀਨੂ ਗੋਇਲ, 'ਆਪ' ਆਗੂ ਗੁਲਾਬ ਮਾਨ, ਤੇਜਿੰਦਰ ਸਿੰਘ ਖਹਿਰਾ ਆਦਿ ਮੌਜੂਦ ਸਨ।