ਰਾਜਵੀਰ ਜਵੰਦਾ ਦਾ ਹਾਲ ਜਾਣਨ ਫੋਰਟਿਸ ਪੁੱਜੀ ਸੋਨੀਆ ਮਾਨ

ਚੰਡੀਗੜ੍ਹ, 28 ਸਤੰਬਰ (ਪੀ.ਟੀ.ਆਈ.)-ਪੰਜਾਬੀ ਅਦਾਕਾਰ ਅਤੇ 'ਆਪ' ਨੇਤਾ ਸੋਨੀਆ ਮਾਨ ਨੇ ਵੀ ਫੋਰਟਿਸ ਹਸਪਤਾਲ ਦਾ ਦੌਰਾ ਕੀਤਾ ਅਤੇ ਲੋਕਾਂ ਨੂੰ ਰਾਜਵੀਰ ਜਵੰਦਾ ਦੀ ਸਿਹਤ ਬਾਰੇ ਅਫਵਾਹਾਂ ਨਾ ਫੈਲਾਉਣ ਦੀ ਅਪੀਲ ਕੀਤੀ ਤੇ ਲੋਕਾਂ ਨੂੰ ਅਦਾਕਾਰ ਅਤੇ ਗਾਇਕ ਰਾਜਵੀਰ ਦੀ ਜਲਦੀ ਸਿਹਤਯਾਬੀ ਲਈ ਪ੍ਰਾਰਥਨਾ ਕਰਨ ਦੀ ਅਪੀਲ ਕੀਤੀ ਜਿਨ੍ਹਾਂ ਨੂੰ ਸੜਕ ਹਾਦਸੇ ਵਿਚ ਗੰਭੀਰ ਸੱਟਾਂ ਲੱਗਣ ਤੋਂ ਬਾਅਦ ਮੋਹਾਲੀ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਦੱਸ ਦਈਏ ਕਿ 35 ਸਾਲਾ ਜਵੰਦਾ ਸ਼ਨੀਵਾਰ ਨੂੰ ਮੋਟਰਸਾਈਕਲ 'ਤੇ ਸ਼ਿਮਲਾ ਜਾਂਦੇ ਸਮੇਂ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਵਿਚ ਇਕ ਹਾਦਸੇ ਵਿਚ ਗੰਭੀਰ ਜ਼ਖਮੀ ਹੋ ਗਿਆ ਸੀ। ਇਹ ਹਾਦਸਾ ਬੱਦੀ ਖੇਤਰ ਵਿਚ ਉਸ ਸਮੇਂ ਵਾਪਰਿਆ ਜਦੋਂ ਉਸ ਨੇ ਮੋਟਰਸਾਈਕਲ ਤੋਂ ਕੰਟਰੋਲ ਗੁਆ ਦਿੱਤਾ। ਉਸਨੂੰ ਗੰਭੀਰ ਹਾਲਤ ਵਿਚ ਪੰਜਾਬ ਦੇ ਮੋਹਾਲੀ ਦੇ ਫੋਰਟਿਸ ਹਸਪਤਾਲ ਲਿਆਂਦਾ ਗਿਆ। ਫੋਰਟਿਸ ਹਸਪਤਾਲ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਸੜਕ ਹਾਦਸੇ ਵਿਚ ਗਾਇਕ ਦੇ ਸਿਰ ਅਤੇ ਰੀੜ੍ਹ ਦੀ ਹੱਡੀ ਵਿਚ ਗੰਭੀਰ ਸੱਟਾਂ ਲੱਗੀਆਂ ਸਨ ਅਤੇ ਉਸਨੂੰ ਵੈਂਟੀਲੇਟਰ ਸਪੋਰਟ 'ਤੇ ਰੱਖਿਆ ਗਿਆ ਸੀ। ਫੋਰਟਿਸ ਹਸਪਤਾਲ ਵਿਚ ਤਬਦੀਲ ਕੀਤੇ ਜਾਣ ਤੋਂ ਪਹਿਲਾਂ ਉਸਨੂੰ ਦਿਲ ਦਾ ਦੌਰਾ ਵੀ ਪਿਆ ਸੀ। ਹਸਪਤਾਲ ਨੇ ਐਤਵਾਰ ਨੂੰ ਅਜੇ ਕੋਈ ਨਵਾਂ ਬਿਆਨ ਜਾਰੀ ਨਹੀਂ ਕੀਤਾ ਹੈ।ਕੰਵਰ ਗਰੇਵਾਲ, ਗੁਰਦਾਸ ਮਾਨ ਅਤੇ ਬੱਬੂ ਮਾਨ ਸਮੇਤ ਕਈ ਪ੍ਰਸਿੱਧ ਪੰਜਾਬੀ ਗਾਇਕਾਂ ਨੇ ਲੋਕਾਂ ਨੂੰ ਜਵੰਦਾ ਦੀ ਜਲਦੀ ਸਿਹਤਯਾਬੀ ਲਈ ਪ੍ਰਾਰਥਨਾ ਕਰਨ ਦੀ ਅਪੀਲ ਕੀਤੀ। ਹਸਪਤਾਲ ਵਿਚ ਮੌਜੂਦ ਗਰੇਵਾਲ ਨੇ ਕਿਹਾ ਕਿ ਡਾਕਟਰ ਜਵੰਦਾ ਦਾ ਸਭ ਤੋਂ ਵਧੀਆ ਇਲਾਜ ਕਰ ਰਹੇ ਹਨ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਸਦੀ ਸਿਹਤ ਬਾਰੇ ਅਫਵਾਹਾਂ ਨਾ ਫੈਲਾਉਣ। ਉਸ ਲਈ ਪ੍ਰਾਰਥਨਾ ਕਰੋ ਤਾਂ ਜੋ ਉਹ ਜਲਦੀ ਠੀਕ ਹੋ ਜਾਵੇ। ਉਸਦੀ ਸਿਹਤ ਬਾਰੇ ਪੁੱਛਣ ਲਈ ਹਸਪਤਾਲ ਪਹੁੰਚੇ ਅਦਾਕਾਰ ਅਤੇ ਗਾਇਕ ਰਣਜੀਤ ਬਾਵਾ ਨੇ ਕਿਹਾ ਕਿ ਦੁਨੀਆ ਭਰ ਦੇ ਸਾਰੇ ਪੰਜਾਬੀ ਜਵੰਦਾ ਦੀ ਜਲਦੀ ਸਿਹਤਯਾਬੀ ਲਈ ਅਰਦਾਸਾਂ ਕਰ ਰਹੇ ਹਨ। ਗਾਇਕ ਗੁਰਦਾਸ ਮਾਨ ਅਤੇ ਬੱਬੂ ਮਾਨ ਨੇ ਕਿਹਾ ਕਿ ਸਾਰਿਆਂ ਨੂੰ ਪਰਮਾਤਮਾ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਤਾਂ ਜੋ ਜਵੰਦਾ ਜਲਦੀ ਠੀਕ ਹੋ ਜਾਵੇ।