‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਦਿੱਲੀ ’ਚ ਅਲਾਟ ਹੋਇਆ ਬੰਗਲਾ

ਨਵੀਂ ਦਿੱਲੀ, 7 ਅਕਤੂਬਰ- ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਵਿਚ ਇਕ ਨਵਾਂ ਬੰਗਲਾ ਅਲਾਟ ਕੀਤਾ ਗਿਆ ਹੈ। ਇਸ ਦਾ ਪਤਾ 95 ਲੋਧੀ ਅਸਟੇਟ ਹੈ, ਜੋ ਕਿ ਇਕ ਟਾਈਪ 7 ਬੰਗਲਾ ਹੈ। ਹਾਲਾਂਕਿ ‘ਆਪ’ ਨੇ ਕੇਜਰੀਵਾਲ ਲਈ ਟਾਈਪ 8 ਬੰਗਲਾ ਦੀ ਮੰਗ ਕੀਤੀ ਸੀ।
ਪਿਛਲੇ ਸਾਲ 17 ਸਤੰਬਰ ਨੂੰ ਕੇਜਰੀਵਾਲ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। 4 ਅਕਤੂਬਰ ਨੂੰ ਉਹ ਅਤੇ ਉਨ੍ਹਾਂ ਦੇ ਪਰਿਵਾਰ ਨੇ 6, ਫਲੈਗ ਸਟਾਫ਼ ਮਾਰਗ ’ਤੇ ਸਥਿਤ ਮੁੱਖ ਮੰਤਰੀ ਹਾਊਸ (ਬੰਗਲਾ) ਖਾਲੀ ਕਰ ਦਿੱਤਾ ਅਤੇ ਲੁਟੀਅਨਜ਼ ਦਿੱਲੀ ਦੇ ਫ਼ਿਰੋਜ਼ਸ਼ਾਹ ਰੋਡ ’ਤੇ ਬੰਗਲਾ ਨੰਬਰ 5 ਵਿਚ ਚਲੇ ਗਏ। ਇਹ ਬੰਗਲਾ ਪੰਜਾਬ ਤੋਂ ‘ਆਪ’ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਨੂੰ ਅਲਾਟ ਕੀਤਾ ਗਿਆ ਹੈ।
ਦਿੱਲੀ ਵਿਚ ਸਾਬਕਾ ਮੁੱਖ ਮੰਤਰੀਆਂ ਲਈ ਸਰਕਾਰੀ ਰਿਹਾਇਸ਼ ਦਾ ਕੋਈ ਪ੍ਰਬੰਧ ਨਹੀਂ ਹੈ। ਨਤੀਜੇ ਵਜੋਂ ‘ਆਪ’ ਨੇ ਆਪਣੇ ਨੇਤਾ ਲਈ ਵਿਕਲਪਿਕ ਰਿਹਾਇਸ਼ ਦੀ ਮੰਗ ਕਰਦੇ ਹੋਏ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ। ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਅਤੇ ਕੇਂਦਰੀ ਲੋਕ ਨਿਰਮਾਣ ਵਿਭਾਗ ਨੇ ਜਾਇਦਾਦ ਡਾਇਰੈਕਟੋਰੇਟ ਨੂੰ ਕੇਜਰੀਵਾਲ ਲਈ ਇਕ ਸਰਕਾਰੀ ਰਿਹਾਇਸ਼ ਅਲਾਟ ਕਰਨ ਦੀ ਬੇਨਤੀ ਕੀਤੀ ਸੀ।