ਬੀ.ਐੱਸ.ਐੱਫ. ਏਅਰ ਵਿੰਗ ਨੂੰ ਮਿਲੀ ਪਹਿਲੀ ਮਹਿਲਾ ਫਲਾਈਟ ਇੰਜਨੀਅਰ

ਨਵੀਂ ਦਿੱਲੀ, 12 ਅਕਤੂਬਰ- ਬੀ.ਐੱਸ.ਐੱਫ. ਦੇ ਏਅਰ ਵਿੰਗ ਨੂੰ ਆਪਣੇ 50 ਸਾਲਾਂ ਤੋਂ ਵੱਧ ਦੇ ਇਤਿਹਾਸ ਵਿਚ ਇਨਹਾਊਸ ਸਿਖਲਾਈ ਦਾ ਅਮਲ ਮੁਕੰਮਲ ਕਰਨ ਮਗਰੋਂ ਆਪਣੀ ਪਹਿਲੀ ਮਹਿਲਾ ਫਲਾਈਟ ਇੰਜਨੀਅਰ ਮਿਲ ਗਈ ਹੈ। ਬੀ.ਐੱਸ.ਐੱਫ. ਦੇ ਡਾਇਰੈਕਟਰ ਜਨਰਲ ਦਲਜੀਤ ਸਿੰਘ ਚੌਧਰੀ ਨੇ ਹਾਲ ਹੀ ਵਿਚ ਇੰਸਪੈਕਟਰ ਭਾਵਨਾ ਚੌਧਰੀ ਨੂੰ 4 ਪੁਰਸ਼ ਸਬਾਰਡੀਨੇਟ ਅਧਿਕਾਰੀਆਂ ਨਾਲ ਉਨ੍ਹਾਂ ਦੇ ਫਲਾਈਂਗ ਬੈਜ ਦਿੱਤੇ ਹਨ।
ਬੀ.ਐੱਸ.ਐੱਫ. ਕੋਲ ਸਾਲ 1969 ਤੋਂ ਕੇੇਂਦਰੀ ਗ੍ਰਹਿ ਮੰਤਰਾਲੇ ਦੀ ਹਵਾਬਾਜ਼ੀ ਯੂਨਿਟ ਚਲਾਉਣ ਦਾ ਕੰਮ ਹੈ ਤੇ ਇਹ ਸਾਰੇ ਨੀਮ ਫੌਜੀ ਬਲਾਂ ਅਤੇ ਐੱਨ.ਐੱਸ.ਜੀ. ਤੇ ਐੱਨ.ਡੀ.ਆਰ.ਐੱਫ. ਵਰਗੇ ਵਿਸ਼ੇਸ਼ ਬਲਾਂ ਦੀਆਂ ਸਾਰੀਆਂ ਆਪ੍ਰੇਸ਼ਨਲ ਲੋੜਾਂ ਨੂੰ ਪੂਰਾ ਕਰਦੀ ਹੈ। ਅਧਿਕਾਰੀਆਂ ਨੇ ਦੱਸਿਆ ਕਿ 5 ਸਬਾਰਡੀਨੇਟ ਅਧਿਕਾਰੀਆਂ ਨੂੰ ਬੀ.ਐੱਸ.ਐੱਫ. ਏਅਰ ਵਿੰਗ ਦੇ ਇੰਸਟ੍ਰਕਟਰਾਂ ਵਲੋਂ ਸਿਖਲਾਈ ਦਿੱਤੀ ਗਈ ਹੈ ਤੇ ਹਾਲ ਹੀ ਵਿਚ ਉਨ੍ਹਾਂ ਆਪਣੀ 2 ਮਹੀਨੇ ਦੀ ਸਿਖਲਾਈ ਪੂਰੀ ਕੀਤੀ ਹੈ।
ਬੀ.ਐੱਸ.ਐੱਫ. ਲਗਭਗ 300,000 ਕਰਮਚਾਰੀਆਂ ਦੇ ਨਾਲ ਦਸੰਬਰ 1965 ਵਿਚ ਬਣਾਈ ਗਈ ਸੀ। ਇਹ ਪਾਕਿਸਤਾਨ ਅਤੇ ਬੰਗਲਾਦੇਸ਼ ਨਾਲ ਲੱਗਦੀਆਂ ਭਾਰਤ ਦੀਆਂ ਸਰਹੱਦਾਂ ਦੀ ਰਾਖੀ ਕਰਦਾ ਹੈ, ਨਾਲ ਹੀ ਅੰਦਰੂਨੀ ਸੁਰੱਖਿਆ ਡਿਊਟੀਆਂ ਵੀ ਨਿਭਾਉਂਦਾ ਹੈ। ਇੰਸਪੈਕਟਰ ਭਾਵਨਾ ਚੌਧਰੀ ਇਸ ਸਿਖਲਾਈ ਬੈਚ ਦੀ ਪਹਿਲੀ ਮਹਿਲਾ ਫਲਾਈਟ ਇੰਜੀਨੀਅਰ ਬਣੀ।