ਸ਼ੰਭੂ ਬਾਰਡਰ ਤੋਂ 186 ਕਿੱਲੋ ਗਾਂਜਾ ਜ਼ਬਤ, 50 ਲੱਖ ਤੋਂ ਵੱਧ ਕੀਮਤ; 5 ਤਸਕਰ ਗ੍ਰਿਫ਼ਤਾਰ

ਰਾਜਪੁਰਾ, 12 ਅਕਤੂਬਰ 2025 (ਅਮਰਜੀਤ ਸਿੰਘ ਪੰਨੂ) - ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਨੇ ਨਸ਼ਾ ਤਸਕਰੀ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਰਾਜਪੁਰਾ ਦੇ ਸ਼ੰਭੂ ਬਾਰਡਰ ਤੋਂ ਲਗਭਗ 186 ਕਿੱਲੋਗ੍ਰਾਮ ਗਾਂਜਾ ਜ਼ਬਤ ਕੀਤਾ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿਚ ਇਸ ਦੀ ਕੀਮਤ 50 ਲੱਖ ਰੁਪਏ ਤੋਂ ਵੱਧ ਦੱਸੀ ਗਈ ਹੈ। ਡੀ.ਆਰ.ਆਈ. ਦੀ ਟੀਮ ਨੇ ਇਸ ਵੱਡੀ ਖੇਪ ਸਮੇਤ 5 ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ, ਜਿਨ੍ਹਾਂ ਨੂੰ ਅੱਜ ਰਾਜਪੁਰਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਮਾਨਯੋਗ ਜੱਜ ਨੇ ਸਾਰੇ ਪੰਜਾਂ ਮੁਲਜ਼ਮਾਂ ਨੂੰ ਨਿਆਂਇਕ ਹਿਰਾਸਤ (ਜੇਲ੍ਹ) ਵਿਚ ਭੇਜਣ ਦੇ ਆਦੇਸ਼ ਦਿੱਤੇ।
ਡੀ.ਆਰ.ਆਈ. ਦੇ ਅਧਿਕਾਰੀਆਂ ਅਨੁਸਾਰ, ਉਨ੍ਹਾਂ ਨੂੰ ਖੁਫੀਆ ਸੂਤਰਾਂ ਤੋਂ ਗਾਂਜੇ ਦੀ ਵੱਡੀ ਖੇਪ ਦੀ ਤਸਕਰੀ ਕੀਤੇ ਜਾਣ ਦੀ ਪੱਕੀ ਜਾਣਕਾਰੀ ਮਿਲੀ ਸੀ। ਇਸੇ ਸੂਚਨਾ ਦੇ ਆਧਾਰ 'ਤੇ ਡੀ.ਆਰ.ਆਈ. ਦੀ ਟੀਮ ਨੇ ਸ਼ੰਭੂ ਹਾਈਵੇਅ 'ਤੇ ਨਾਕਾਬੰਦੀ ਕਰਕੇ 2 ਸ਼ੱਕੀ ਗੱਡੀਆਂ ਨੂੰ ਰੋਕਿਆ ਅਤੇ ਉਨ੍ਹਾਂ ਦੀ ਤਲਾਸ਼ੀ ਲਈ। ਤਸਕਰਾਂ ਨੇ ਗਾਂਜੇ ਨੂੰ ਲੁਕਾਉਣ ਲਈ ਗੱਡੀਆਂ ਦੇ ਅੰਦਰ ਇਕ ਗੁਪਤ ਕੈਬਿਨ ਵਰਗਾ ਢਾਂਚਾ ਬਣਾਇਆ ਹੋਇਆ ਸੀ, ਜਿਸ ਨੂੰ ਬਹੁਤ ਤਕਨੀਕੀ ਤਰੀਕੇ ਨਾਲ ਲੁਕਾਇਆ ਗਿਆ ਸੀ ਤਾਂ ਜੋ ਜਾਂਚ ਦੌਰਾਨ ਫੜਿਆ ਨਾ ਜਾ ਸਕੇ।ਕਾਫ਼ੀ ਡੂੰਘੀ ਜਾਂਚ ਤੋਂ ਬਾਅਦ, ਡੀ.ਆਰ.ਆਈ.ਦੀ ਟੀਮ ਨੇ ਦੋਵਾਂ ਗੱਡੀਆਂ ਵਿਚੋਂ ਕੁੱਲ 186 ਕਿਲੋਗ੍ਰਾਮ ਗਾਂਜਾ ਬਰਾਮਦ ਕੀਤਾ। ਇਹ ਗਾਂਜਾ ਤਸਕਰੀ ਲਈ ਲੁਧਿਆਣਾ ਲਿਜਾਇਆ ਜਾ ਰਿਹਾ ਸੀ।