JALANDHAR WEATHER

ਜਥੇਦਾਰ ਗੜਗੱਜ ਨੇ ਆਈ.ਪੀ.ਐੱਸ. ਵਾਈ. ਪੂਰਨ ਕੁਮਾਰ ਵਿਰੁੱਧ ਜਾਤੀਵਾਦੀ ਵਿਤਕਰੇ ਦੀ ਕੀਤੀ ਸਖ਼ਤ ਨਿੰਦਾ

ਅੰਮ੍ਰਿਤਸਰ, 12 ਅਕਤੂਬਰ (ਜਸਵੰਤ ਸਿੰਘ ਜੱਸ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਹਰਿਆਣਾ ਦੇ ਆਈ.ਪੀ.ਐੱਸ. ਅਫ਼ਸਰ ਵਾਈ. ਪੂਰਨ ਕੁਮਾਰ ਨੂੰ ਆਤਮ ਹੱਤਿਆ ਲਈ ਮਜ਼ਬੂਰ ਕਰਨ ਦੀ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਸੰਦੇਸ਼ ਦਿੱਤਾ ਹੈ ਕਿ ਸਿੱਖਾਂ ਦਾ ਸਰਬਉੱਚ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਜਾਤੀਵਾਦ ਅਤੇ ਕਿਸੇ ਵੀ ਤਰ੍ਹਾਂ ਦੇ ਵਿਤਕਰੇ ਦੇ ਵਿਰੁੱਧ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ ਦੇਸ਼ ਅੰਦਰ ਸਦੀਆਂ ਤੋਂ ਚੱਲਦੇ ਆ ਰਹੇ ਜਾਤੀਵਾਦ ਆਧਾਰਿਤ ਵਿਤਕਰੇ ਦੀ ਸਾਫ਼ ਝਲਕ ਹੀ ਹੈ ਅਤੇ ਇਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਉਨੀ ਘੱਟ ਹੈ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਸੰਵਿਧਾਨ ਦੇ ਤਹਿਤ ਸਮੂਹ ਭਾਈਚਾਰਿਆਂ ਦੇ ਹੱਕ ਹਕੂਕ ਸੁਰੱਖਿਅਤ ਹੋਣ ਦੇ ਬਾਵਜੂਦ ਵੀ ਕਈਆਂ ਨੂੰ ਵਿਤਕਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਮੌਜੂਦਾ ਲੋੜ ਮਾਨਸਿਕਤਾ ਬਦਲਣ ਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸਿੱਖ ਗੁਰੂ ਸਾਹਿਬਾਨ ਦੇ ਫ਼ਲਸਫ਼ੇ ਅਨੁਸਾਰ ਸਮੁੱਚੀ ਮਾਨਵਤਾ ਬਰਾਬਰ ਹੈ ਅਤੇ ਅੱਜ ਦੇ ਯੁੱਗ ਵਿਚ ਵੀ ਜਾਤੀਵਾਦ ਆਧਾਰਿਤ ਵਿਤਕਰੇ ਦੇ ਮਾਮਲੇ ਸਾਹਮਣੇ ਆਉਣਾ ਬੇਹੱਦ ਚਿੰਤਾਜਨਕ ਹੈ।


ਜਥੇਦਾਰ ਗੜਗੱਜ ਨੇ ਕਿਹਾ ਕਿ ਪੰਜਾਬ ਸਿੱਖ ਗੁਰੂ ਸਾਹਿਬਾਨ ਦੇ ਨਾਮ ਅਤੇ ਸਿਧਾਂਤ ਅਨੁਸਾਰ ਵਸਦੀ ਧਰਤੀ ਹੈ ਅਤੇ ਇੱਥੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਦੇ ਪ੍ਰਭਾਵ ਦੇ ਸਦਕਾ ਹੀ ਜਾਤੀਵਾਦ ਅਤੇ ਵਿਤਕਰੇ ਦੇ ਮਾਮਲੇ ਭਾਰਤ ਦੇ ਬਾਕੀ ਹਿੱਸਿਆਂ ਨਾਲੋਂ ਬੇਹੱਦ ਘੱਟ ਹਨ। ਉਨ੍ਹਾਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਨੇ ਇਸ ਧਰਤੀ 'ਤੇ ਵਿਚਰ ਕੇ ਇੱਥੋਂ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਹੈ। ਅੰਮ੍ਰਿਤਸਰ ਸਥਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਇੱਥੇ ਸਥਿਤ ਸਰੋਵਰ ਸਭ ਤੋਂ ਵੱਡੇ ਉਦਾਹਰਨ ਹਨ, ਜਿੱਥੇ ਦੇਸ਼ ਦੁਨੀਆ ਤੋਂ ਕੋਈ ਵੀ ਬਿਨਾਂ ਕਿਸੇ ਵਿਤਕਰੇ ਦੇ ਨਤਮਸਤਕ ਹੋ ਸਕਦਾ ਹੈ, ਇਸ਼ਨਾਨ ਕਰ ਸਕਦਾ ਹੈ ਅਤੇ ਸਮਾਨਤਾ ਨਾਲ ਗੁਰੂ ਰਾਮਦਾਸ ਜੀ ਦੇ ਲੰਗਰ ਵਿਚ ਪ੍ਰਸ਼ਾਦਾ ਛਕ ਸਕਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਵਲੋਂ ਬਖ਼ਸ਼ਿਸ਼ ਕੀਤਾ ਸਿੱਖੀ ਸਿਧਾਂਤ ਬਹੁਤ ਹੀ ਪਵਿੱਤਰ ਅਤੇ ਮਾਨਵਤਾ ਲਈ ਚਾਨਣ ਮੁਨਾਰਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ