ਬੰਬੀਹਾਂ ਗੈਂਗ ਦੇ 2 ਨੌਜਵਾਨ 6 ਪਿਸਤੌਲ ਸਮੇਤ ਗ੍ਰਿਫ਼ਤਾਰ

ਬਰਨਾਲਾ/ਰੂੜੇਕੇ ਕਲਾਂ, 12 ਅਕਤੂਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਪੰਜਾਬ ਪੁਲਿਸ ਨੇ ਬੰਬੀਹਾਂ ਗਰੁੱਪ ਨਾਲ ਸੰਬੰਧਿਤ 2 ਨੌਜਵਾਨਾਂ ਨੂੰ 6 ਪਿਸਤੌਲ ਸਮੇਤ ਏ.ਆਈ.ਜੀ. ਸੰਦੀਪ ਗੋਇਲ ਦੀ ਨਿਗਰਾਨੀ ਹੇਠ ਏ.ਜੀ.ਟੀ.ਐਫ਼ ਦੇ ਇੰਸਪੈਕਟਰ ਵਿਕਰਮ ਅਤੇ ਸੀ.ਆਈ.ਏ ਸਟਾਫ਼ ਬਰਨਾਲਾ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਚੀਮਾ ਦੀ ਅਗਵਾਈ ਵਿਚ ਪੁਲਿਸ ਟੀਮ ਨੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਗੌਰਵ ਯਾਦਵ ਡੀ.ਜੀ.ਪੀ. ਪੰਜਾਬ ਪੁਲਿਸ ਅਤੇ ਏ.ਡੀ.ਜੀ.ਪੀ. ਪਮੋਦ ਬਾਠ ਨੇ ਦੱਸਿਆ ਕਿ ਐਂਟੀ ਗੈਂਗਸਟਰ ਟਾਸਕ ਫੋਰਸ ਪੰਜਾਬ ਨੇ ਬਰਨਾਲਾ ਪੁਲਿਸ ਨਾਲ ਇਕ ਸਾਂਝੇ ਆਪ੍ਰੇਸ਼ਨ ਦੌਰਾਨ ਬਰਨਾਲਾ–ਬਠਿੰਡਾ ਮੁੱਖ ਸੜਕ ’ਤੇ ਪਿੰਡ ਧੌਲਾ ਤੋਂ ਦਵਿੰਦਰ ਬੰਬੀਹਾ ਗੈਂਗ ਦੇ 2 ਕਾਰਕੁਨਾਂ ਸੰਦੀਪ ਸਿੰਘ ਵਾਸੀ ਹਨੂੰਮਾਨਗੜ੍ਹ ਟਾਊਨ, ਰਾਜਸਥਾਨ ਅਤੇ ਸੇਖਰ ਵਾਸੀ ਕੈਂਥਲ ਹਰਿਆਣਾ ਨੂੰ 6 ਪਿਸਤੌਲ ਤੇ 19 ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਟੀਮਾਂ ਨੇ ਨੌਜਵਾਨਾਂ ਤੋਂ ਮਾਰੂਤੀ ਸਵਿਫਟ ਕਾਰ ਵੀ ਬਰਾਮਦ ਕੀਤੀ ਹੈ, ਜਿਸ ਦੀ ਉਹ ਵਰਤੋਂ ਹਥਿਆਰਾਂ ਦੀ ਖੇਪ ਪ੍ਰਾਪਤ ਕਰਨ ਅਤੇ ਡਲੀਵਰੀ ਕਰਨ ਲਈ ਕਰਦੇ ਸਨ।
ਮੁੱਢਲੀ ਜਾਂਚ ਤੋਂ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਗੈਂਗ ਦੇ ਨੌਜਵਾਨ ਵਿਦੇਸਾਂ ’ਚ ਬੈਠੇ ਵਿਆਕਤੀਆਂ ਦੇ ਇਸ਼ਾਰਿਆਂ ’ਤੇ ਸੂਬੇ ਵਿਚ ਅਪਰਾਧਾਂ ਨੂੰ ਅੰਜ਼ਾਮ ਦੇਣ ਲਈ ਹਥਿਆਰ ਸਪਲਾਈ ਕਰਨ ਦੀ ਯੋਜਨਾ ਬਣਾ ਰਹੇ ਸਨ। ਏ.ਆਈ.ਜੀ. ਸੰਦੀਪ ਗੋਇਲ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਨੌਜਵਾਨ ਅਪਰਾਧਿਕ ਪਿਛੋਕੜ ਵਾਲੇ ਹਨ, ਜਿਨ੍ਹਾਂ ਵਿਰੁੱਧ ਪਹਿਲਾ ਵੀ ਅਸਲ੍ਹਾ ਐਕਟ ਨਾਲ ਸੰਬੰਧਿਤ ਮਾਮਲੇ ਦਰਜ ਹਨ। ਐਸ.ਐਸ.ਪੀ. ਬਰਨਾਲਾ ਮੁਹੰਮਦ ਸਰਫਰਾਜ਼ ਆਲਮ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਨੌਜਵਾਨਾਂ ਖ਼ਿਲਾਫ਼ ਪੁਲਿਸ ਥਾਣਾ ਰੂੜੇਕੇ ਕਲਾਂ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਟੀਮਾਂ ਵਲੋਂ ਅਗਲੇਰੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।