ਪੰਜਾਬ ਦੀ ਹੜ੍ਹਾਂ ਦੀ ਬਰਬਾਦੀ ਦਾ ਕਾਰਨ ਗ਼ੈਰ ਕਾਨੂੰਨੀ ਮਾਈਨਿੰਗ : ਭਾਜਪਾ

ਜਗਰਾਉਂ ( ਲੁਧਿਆਣਾ ),12 ਅਕਤੂਬਰ (ਕੁਲਦੀਪ ਸਿੰਘ ਲੋਹਟ ) - ਭੌਜਪਾ ਪੰਜਾਬ ਨੇ ਅੱਜ ਭਗਵੰਤ ਮਾਨ ਸਰਕਾਰ 'ਤੇ ਹੜ੍ਹ ਪ੍ਰਬੰਧਾਂ ਵਿਚ ਨਾਕਾਮੀ, ਗ਼ੈਰ ਕਾਨੂੰਨੀ ਮਾਈਨਿੰਗ ਨੂੰ ਹੁੰਗਾਰਾ ਦੇਣ ਅਤੇ 12,500 ਕਰੋੜ ਰੁਪਏ ਦਾ ਐਸ.ਡੀ.ਆਰ.ਐੱਫ ਫੰਡ ਵਿਚ ਵੱਡੇ ਘਪਲੇ ਦਾ ਦੋਸ਼ ਲਗਾਉਂਦਿਆਂ ਇਕ ਵਿਸਥਾਰਤ ਚਾਰਜਸ਼ੀਟ ਜਾਰੀ ਕੀਤੀ ਹੈ।ਭਾਜਪਾ ਪੰਜਾਬ ਦੇ ਸੂਬਾ ਸਕੱਤਰ ਸੂਰਜ ਭਾਰਦਵਾਜ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਸਾਲ 2025 ਦੇ ਹੜ੍ਹਾਂ ਨੇ ਪੰਜਾਬ ਸਰਕਾਰ ਦੀ ਲਾਪਰਵਾਹੀ ਨੂੰ ਪੂਰੀ ਤਰ੍ਹਾਂ ਬੇਨਕਾਬ ਕਰ ਦਿੱਤਾ ਹੈ। ਭਾਰਦਵਾਜ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਮਾਹਿਰਾਂ ਵਲੋਂ ਵਾਰ-ਵਾਰ ਚਿਤਾਵਨੀ ਦੇਣ ਦੇ ਬਾਵਜੂਦ ਰਾਜ ਸਰਕਾਰ ਨੇ ਕੋਈ ਢੰਗ ਦੀ ਤਿਆਰੀ ਨਹੀਂ ਕੀਤੀ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਹੜ੍ਹਾਂ ਦੇ ਸਮੇਂ ਰਾਜ ਤੋਂ ਬਾਹਰ ਦੌਰਿਆਂ 'ਤੇ ਸਨ, ਜਦਕਿ ਪੰਜਾਬ ਦਾ ਵੱਡਾ ਹਿੱਸਾ ਪਾਣੀ ਹੇਠ ਸੀ। ਰਾਹਤ ਅਤੇ ਪੁਨਰਵਾਸ ਲਈ ਸਿਰਫ਼ ਫੋਟੋ ਸੈਸ਼ਨ ਤੇ ਪ੍ਰਚਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਦਰਿਆਵਾਂ ਦੇ ਕੰਢੇ ਗ਼ੈਰ ਕਾਨੂੰਨੀ ਮਾਈਨਿੰਗ ਨੂੰ ਹੋਰ ਵਧਾਇਆ ਗਿਆ, ਜਿਸ ਨਾਲ ਬੰਨ੍ਹ ਕਮਜ਼ੋਰ ਹੋ ਗਏ ਅਤੇ ਇਸ ਵਾਰ ਦੀ ਹੜ੍ਹਾਂ ਵਿਚ ਵੱਡੇ ਪੱਧਰ 'ਤੇ ਤਬਾਹੀ ਹੋਈ ਹੈ । ਭਾਜਪਾ ਦੀ ਚਾਰਜਸ਼ੀਟ ਵਿਚ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ 12,500 ਕਰੋੜ ਰੁਪਏ ਦਾ ਐਸ.ਡੀ.ਆਰ.ਐੱਫ. ਫੰਡ, ਜੋ ਕੇਂਦਰ ਸਰਕਾਰ ਨੇ ਪੰਜਾਬ ਨੂੰ ਹੜ੍ਹਾਂ ਦੀ ਰੋਕਥਾਮ, ਰਾਹਤ ਅਤੇ ਪੁਨਰਵਾਸ ਲਈ ਦਿੱਤਾ ਸੀ, ਉਹ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੇ ਵਿੱਤ ਮੰਤਰੀ ਹਰਪਾਲ ਚੀਮਾ ਵਲੋਂ ਗ਼ਲਤ ਤਰੀਕੇ ਨਾਲ ਵਰਤਿਆ ਗਿਆ।