ਡੇਰਾਬੱਸੀ ਪੀ.ਸੀ.ਸੀ.ਪੀ.ਐਲ. ਦੇ ਆਪਰੇਟਰ ਦੀ ਕਿਸਮਤ ਚਮਕੀ, ਦੀਵਾਲੀ ਬੰਪਰ ‘ਚ ਨਿਕਲਿਆ ਇਕ ਕਰੋੜ ਦਾ ਇਨਾਮ
ਡੇਰਾਬੱਸੀ, 10 ਨਵੰਬਰ (ਰਣਬੀਰ ਸਿੰਘ ਪੜੀ)-ਡੇਰਾਬੱਸੀ ਦੀ ਨਾਮੀ ਕੰਪਨੀ ਪੀ.ਸੀ.ਸੀ.ਪੀ.ਐਲ. ਵਿਚ ਕੰਮ ਕਰਦੇ ਆਪਰੇਟਰ ਜਸਵਿੰਦਰ ਸਿੰਘ ਦੀ ਜ਼ਿੰਦਗੀ ਦੀਵਾਲੀ ਬੰਪਰ ਨਾਲ ਬਦਲ ਗਈ ਹੈ। ਪੰਜਾਬ ਸਟੇਟ ਲਾਟਰੀ ਦੇ ਡੀਅਰ ਦਿਵਾਲੀ ਬੰਪਰ ਵਿਚ ਉਸ ਦੀ ਖਰੀਦੀ ਟਿਕਟ ਦਾ ਇਨਾਮ ਇਕ ਕਰੋੜ ਰੁਪਏ ਨਿਕਲਿਆ ਹੈ। ਜਸਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਸਾਮੜੂ ਨੇੜੇ ਰਾਏਵਾਲੀ, ਜ਼ਿਲ੍ਹਾ ਅੰਬਾਲਾ ਨੇ ਆਪਣੀ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਉਹ ਪਿਛਲੇ 15–16 ਸਾਲਾਂ ਤੋਂ ਲਾਟਰੀਆਂ ਖਰੀਦਦਾ ਆ ਰਿਹਾ ਸੀ।
ਜਸਵਿੰਦਰ ਨੇ ਦੱਸਿਆ ਕਿ ਉਹ ਪਿਛਲੇ 7 ਸਾਲਾਂ ਤੋਂ ਆਪਣੇ ਸਾਥੀ ਇਰਫਾਨ ਅਲੀ ਤੋਂ ਹੀ ਲਾਟਰੀਆਂ ਮੰਗਵਾਉਂਦਾ ਸੀ। ਇਸ ਵਾਰ ਵੀ ਉਨ੍ਹਾਂ ਨੇ 10 ਅਕਤੂਬਰ ਨੂੰ ਦਿਵਾਲੀ ਬੰਪਰ ਦੀਆਂ 2 ਟਿਕਟਾਂ ਮੰਗਵਾਈਆਂ ਸਨ। ਬਰਕਤ ਵਾਲਾ ਟਿਕਟ ਨੰਬਰ ਏ -8216020 ਇਕ ਕਰੋੜ ਰੁਪਏ ਦਾ ਨਿਕਲਿਆ। ਉਸ ਨੇ ਕਿਹਾ 31 ਅਕਤੂਬਰ ਨੂੰ ਡਰਾਅ ਨਿਕਲਿਆ ਸੀ। ਸਵੇਰੇ ਜਦੋਂ ਨੈੱਟ ’ਤੇ ਨਤੀਜਾ ਵੇਖਿਆ ਤਾਂ ਉਸ ਦੇ ਹੱਥ ਪੈਰ ਕੰਬ ਗਏ ਕਿ ਉਸ ਦਾ ਨੰਬਰ ਲੱਗਿਆ ਹੋਇਆ ਸੀ। ਉਸ ਦਾ ਕਹਿਣਾ ਹੈ ਕਿ ਪੈਸਿਆਂ ਨਾਲ ਪਹਿਲਾਂ ਮੰਦਰ, ਗੁਰਦੁਆਰਾ , ਗੁੱਗਾ ਮਾੜੀ ਅਤੇ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ ਪੜ੍ਹਾਈ 'ਤੇ ਖਰਚ ਕਰੇਗਾ ।
;
;
;
;
;
;
;
;