JALANDHAR WEATHER

ਹਲਵਾਰਾ ਹਵਾਈ ਅੱਡੇ ਦਾ ਨਾਂਅ ਸ਼ਹੀਦ ਸਰਾਭਾ 'ਤੇ ਰੱਖਣ ਦਾ ਪੰਜਾਬ ਸਰਕਾਰ ਦਾ ਮਤਾ ਕੇਂਦਰ ਨੇ ਲਟਕਾਇਆ

ਹਲਵਾਰਾ 4 ਦਸੰਬਰ (ਮਨਦੀਪ ਸਿੰਘ ਉੱਭੀ)-ਹਲਵਾਰਾ ਅੰਤਰਰਾਸ਼ਟਰੀ ਸਿਵਲ ਹਵਾਈ ਅੱਡੇ ਦਾ ਨਾਮ ਬਦਲ ਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਅੰਤਰਰਾਸ਼ਟਰੀ ਹਵਾਈ ਅੱਡਾ ਰੱਖਣ ਦਾ ਪੰਜਾਬ ਸਰਕਾਰ ਦਾ ਮਤਾ ਪਿਛਲੇ ਤਿੰਨ ਸਾਲਾਂ ਤੋਂ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਦਫ਼ਤਰਾਂ ਦੀ ਧੂੜ ਫੱਕ ਰਿਹਾ ਹੈ। 22 ਮਾਰਚ 2023 ਨੂੰ ਪੰਜਾਬ ਵਿਧਾਨ ਸਭਾ ਨੇ ਸਰਬਸੰਮਤੀ ਨਾਲ ਇਸ ਮਤੇ ਨੂੰ ਪਾਸ ਕਰਕੇ ਕੇਂਦਰ ਸਰਕਾਰ ਕੋਲ ਪ੍ਰਵਾਨਗੀ ਲਈ ਭੇਜਿਆ ਸੀ।

ਰਾਏਕੋਟ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੇ ਕਿਹਾ ਕਿ ਉਹ ਇਸ ਮਾਮਲੇ 'ਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਵੀ ਗੱਲ ਕਰਨਗੇ ਅਤੇ ਕੇਂਦਰ ਸਰਕਾਰ ਦੇ ਮੌਜੂਦਾ ਸਰਦ ਰੁੱਤ ਸੈਸ਼ਨ ਵਿਚ ਆਪਣੇ ਸੰਸਦ ਮੈਂਬਰਾਂ ਰਾਹੀਂ ਇਸ ਮੁੱਦੇ ਨੂੰ ਉਠਾਉਣ ਦੀ ਮੰਗ ਕਰਨਗੇ। ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਵੀ ਇਸ ਮੰਗ ਨੂੰ ਸੰਸਦ ਵਿਚ ਉਠਾਉਣ ਦਾ ਪੂਰਾ ਭਰੋਸਾ ਦਿੱਤਾ ਹੈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮੰਗ ਸੰਬੰਧੀ 2023 ਤੋਂ ਬਾਅਦ ਕਈ ਵਾਰ ਕੇਂਦਰ ਸਰਕਾਰ ਨੂੰ ਯਾਦ ਪੱਤਰ ਭੇਜੇ ਹਨ, ਜਿਸ ਵਿਚ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੂੰ ਲੁਧਿਆਣਾ ਦੇ ਹਲਵਾਰਾ ਵਿਖੇ ਭਾਰਤੀ ਹਵਾਈ ਫੌਜ ਕੇਂਦਰ ਦੇ ਨਾਲ ਬਣੇ ਕੌਮਾਂਤਰੀ ਸਿਵਲ ਹਵਾਈ ਅੱਡੇ ਦਾ ਨਾਮ 'ਸ਼ਹੀਦ ਕਰਤਾਰ ਸਿੰਘ ਸਰਾਭਾ ਕੌਮਾਂਤਰੀ ਹਵਾਈ ਅੱਡਾ' ਰੱਖਣ ਦੀ ਮੰਗ ਕੀਤੀ ਗਈ ਸੀ। 'ਅਬ ਨਹੀਂ' ਸੰਸਥਾ ਦੀ ਚੇਅਰਮੈਨ ਸਤਵਿੰਦਰ ਕੌਰ ਸੱਤੀ ਸਮੇਤ ਕਈ ਸਮਾਜ ਸੇਵੀ ਜਥੇਬੰਦੀਆ ਨੇ ਵੀ ਹਵਾਈ ਅੱਡੇ ਦਾ ਨਾਮ ਸ਼ਹੀਦ ਸਰਾਭਾ ਦੇ ਨਾਮ 'ਤੇ ਰੱਖਣ ਲਈ ਬਹੁਤ ਸੰਘਰਸ਼ ਕੀਤਾ। ਜ਼ਿਕਰਯੋਗ ਹੈ ਕਿ ਪਿੰਡ ਐਤੀਆਣਾ ਦੇ ਲੋਕ ਜਿਨ੍ਹਾਂ ਨੇ ਹਵਾਈ ਅੱਡੇ ਲਈ 162 ਏਕੜ ਜ਼ਮੀਨ ਦਿੱਤੀ ਸੀ। ਇਸ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਕੌਮਾਂਤਰੀ ਹਵਾਈ ਅੱਡਾ ਐਤੀਆਣਾ ਰੱਖਣ ਲਈ ਵੱਖਰੇ ਤੌਰ 'ਤੇ ਸੰਘਰਸ਼ ਕਰ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ