ਪਿੰਡ ਚੰਨਣਵਾਲ ਵਿਖੇ ਮਜ਼ਦੂਰ ਵਿਰੋਧੀ ਬਿੱਲਾਂ ਦੀ ਤਿੱਖੀ ਆਲੋਚਨਾ
ਮਹਿਲ ਕਲਾਂ, 8 ਦਸੰਬਰ (ਅਵਤਾਰ ਸਿੰਘ ਅਣਖੀ)- ਪਿੰਡ ਚੰਨਣਵਾਲ ਵਿਖੇ ਨਰੇਗਾ ਰੁਜ਼ਗਾਰ ਪ੍ਰਾਪਤੀ ਯੂਨੀਅਨ ਦੀ ਮੀਟਿੰਗ ਕਾਮਰੇਡ ਮਨਜੀਤ ਸਿੰਘ ਦੀ ਅਗਵਾਈ ਹੇਠ ਹੋਈ। ਇਸ ਮੌਕੇ ਜ਼ਿਲਾ ਸਕੱਤਰ ਕਾਮਰੇਡ ਖੁਸ਼ੀਆ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਨਵੰਬਰ 2025 ਨੂੰ ਪਾਸ ਕੀਤੇ ਮਜ਼ਦੂਰ ਵਿਰੋਧੀ ਬਿੱਲਾਂ ਦੀ ਤਿੱਖੀ ਨਿੰਦਾ ਕਰਦਿਆ ਕਿਹਾ ਕਿ ਇਹ ਬਿੱਲ ਮਜ਼ਦੂਰ ਵਰਗ ਦੀ ਰੋਜ਼ੀ-ਰੋਟੀ ‘ਤੇ ਸਿੱਧਾ ਹਮਲਾ ਹੈ। ਮਜ਼ਦੂਰ ਆਗੂਆਂ ਨੇ ਦੱਸਿਆ ਕਿ ਪਿੰਡਾਂ ਵਿਚ ਪਿਛਲੇ ਪੰਜ ਮਹੀਨਿਆਂ ਤੋਂ ਨਰੇਗਾ ਤਹਿਤ ਕੋਈ ਕੰਮ ਨਹੀਂ ਮਿਲਿਆ। ਜਿਸ ਕਰਕੇ ਕਹਿਰ ਦੀ ਮਹਿੰਗਾਈ ਦੇ ਦੌਰ ਵਿਚ ਘਰ ਦਾ ਗੁਜ਼ਾਰਾ ਚਲਾਉਣਾ ਬਹੁਤ ਮੁਸ਼ਕਿਲ ਹੋ ਗਿਆ ਹੈ।
ਇਸ ਮੀਟੰਗ ਮੌਕੇ ਪਿੰਡ ਦੀ ਪੰਚਾਇਤ ਦੀ ਕਾਰਗੁਜ਼ਾਰੀ ‘ਤੇ ਵੀ ਗੰਭੀਰ ਸਵਾਲ ਉਠਾਏ ਗਏ। ਆਗੂਆਂ ਨੇ ਕਿਹਾ ਕਿ ਪਿੰਡ ਦੇ ਕੱਚੇ ਰਸਤੇ ਬੁਰੀ ਤਰ੍ਹਾਂ ਟੁੱਟੇ ਹੋਏ ਹਨ, ਸਫ਼ਾਈ ਦਾ ਪ੍ਰਬੰਧ ਬੇਹੱਦ ਮਾੜਾ ਹੈ, ਪਾਣੀ ਦੇ ਨਲ ਖਰਾਬ ਪਏ ਹਨ, ਰਾਸ਼ਨ ਵੰਡ 'ਚ ਘਪਲਾ ਹੈ, ਅਤੇ ਕਈ ਘਰਾਂ ਦੇ ਰਾਸ਼ਨ ਕਾਰਡ ਵੀ ਨਾਜਾਇਜ਼ ਤੌਰ ‘ਤੇ ਬੰਦ ਕੀਤੇ ਗਏ ਹਨ। ਮਜ਼ਦੂਰਾਂ ਨੇ ਕਿਹਾ ਕਿ ਇਸ ਮਾਡਲ ਪਿੰਡ ਦੇ ਵਸਨੀਕ ਪਿਛਲੇ ਦੋ ਸਾਲਾਂ ਤੋਂ ਇਨ੍ਹਾਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਪਰ ਨਗਰ ਪੰਚਾਇਤ ਅਤੇ ਜ਼ਿਲਾ ਪ੍ਰਸ਼ਾਸਨ ਉਕਾ ਹੀ ਧਿਆਨ ਨਹੀਂ ਦੇ ਰਹੇ । ਮਜ਼ਦੂਰ ਆਗੂਆਂ ਨੇ ਦੱਸਿਆ ਕਿ ਮਜ਼ਦੂਰਾਂ ਦੀਆਂ ਭਖਦੀਆ ਮੰਗਾਂ ਨੂੰ ਲੈ ਕੇ 12 ਦਸੰਬਰ ਨੂੰ ਡਿਪਟੀ ਕਮਿਸ਼ਨਰ ਬਰਨਾਲਾ ਦੇ ਦਫਤਰ ਮੂਹਰੇ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਇਸ ਮੌਕੇ ਜਥੇਬੰਦੀ ਦੇ ਆਗੂਆਂ ਦੀਆਂ ਡਿਊਟੀਆਂ ਵੰਡ ਕੇ ਰੋਸ ਧਰਨੇ ਨੂੰ ਸਫਲ ਬਣਾਉਣ ਲਈ ਵੱਡੀ ਗਿਣਤੀ 'ਚ ਸ਼ਮੂਲੀਅਤ ਕਰਵਾਉਣ ਕੀ ਅਪੀਲ ਕੀਤੀ । ਇਸ ਮੌਕੇ ਆਤਮਾ ਸਿੰਘ, ਨਸੀਬ ਕੌਰ, ਕੁਲਜੀਤ ਕੌਰ, ਲਛਮਣ ਸਿੰਘ ਚੇਤ ਸਿੰਘ ਆਦਿ ਆਗੂਆਂ ਨੇ ਵਿਸ਼ਵਾਸ ਦੁਆਇਆ ਕਿ ਪਿੰਡ ਚੰਨਣਵਾਲ ਤੋਂ ਮਜ਼ਦੂਰਾਂ ਦਾ ਵੱਡਾ ਕਾਫਲਾ ਬਰਨਾਲਾ ਧਰਨੇ ਵਿੱਚ ਸ਼ਾਮਲ ਹੋਵੇਗਾ।
;
;
;
;
;
;
;