ਗੱਡੀ ਵਲੋਂ ਟੱਕਰ ਮਾਰ ਦੇਣ ਕਾਰਨ ਮੋਟਰਸਾਈਕਲ ਚਾਲਕ ਦੀ ਮੌਤ
ਭਵਾਨੀਗੜ੍ਹ (ਸੰਗਰੂਰ) 27 ਜਨਵਰੀ (ਲਖਵਿੰਦਰ ਪਾਲ ਗਰਗ)- ਪਿੰਡ ਮਾਝੀ ਦੇ ਬੱਸ ਅੱਡੇ ਕੋਲ ਨਾਭਾ ਸਾਈਡ ਤੋਂ ਆਉਂਦੀ ਇਕ ਗੱਡੀ ਵਲੋਂ ਇਕ ਮੋਟਰਸਾਈਕਲ ਨੂੰ ਟੱਕਰ ਮਾਰ ਦੇਣ ਕਾਰਨ ਮੋਟਰਸਾਈਕਲ ਚਾਲਕ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ।
ਇਸ ਸੰਬੰਧੀ ਮੰਗਤ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਆਲੋਅਰਖ ਵਲੋਂ ਪੁਲਿਸ ਕੋਲ ਲਿਖਾਏ ਗਏ ਬਿਆਨਾਂ ਅਨੁਸਾਰ ਉਸ ਦਾ ਪਿਤਾ ਮੁਖਤਿਆਰ ਸਿੰਘ 65 ਸਾਲ ਪੁੱਤਰ ਕ੍ਰਿਪਾਲ ਸਿੰਘ ਜੋ ਕਿ ਪਿੰਡ ਮਾਝੀ ਦੇ ਇਕ ਸ਼ੈਲਰ ’ਚ ਚੌਕੀਦਾਰ ਦੀ ਨੌਕਰੀ ਕਰਦਾ ਸੀ । ਬੀਤੇ ਦਿਨੀ ਜਦੋਂ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਆਲੋਅਰਖ ਤੋਂ ਪਿੰਡ ਮਾਝੀ ਵਿਖੇ ਡਿਊਟੀ ’ਤੇ ਜਾ ਰਿਹਾ ਸੀ ਤਾਂ ਜਦੋਂ ਉਹ ਪਿੰਡ ਮਾਝੀ ਦੇ ਬੱਸ ਅੱਡੇ ਕੋਲ ਪਹੁੰਚਿਆਂ ਤਾਂ ਨਾਭਾ ਸਾਈਡ ਤੋਂ ਆਉਂਦੀ ਇਕ ਗੱਡੀ ਨੇ ਉਸ ਦੇ ਪਿਤਾ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦਾ ਪਿਤਾ ਸੜਕ ’ਤੇ ਡਿੱਗਣ ਕਾਰਨ ਗੰਭੀਰ ਜਖ਼ਮੀ ਹੋ ਗਿਆ। ਜਿਸ ਨੂੰ ਚੁੱਕ ਕੇ ਐਂਬੂਲੈਂਸ ਰਾਹੀਂ ਜਦੋਂ ਉਹ ਸਥਾਨਕ ਸਰਕਾਰੀ ਹਸਪਤਾਲ ਵਿਖੇ ਲੈ ਕੇ ਗਏ ਤਾਂ ਡਾਕਟਰਾਂ ਨੇ ਉਸ ਦੇ ਪਿਤਾ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਸੰਬੰਧੀ ਸਹਾਇਕ ਸਬ-ਇੰਸਪੈਕਟਰ ਸਰਬਜੀਤ ਸਿੰਘ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਮੰਗਤ ਸਿੰਘ ਦੇ ਬਿਆਨਾਂ ’ਤੇ ਕਾਰਵਾਈ ਕਰਦਿਆਂ ਗੱਡੀ ਦੇ ਨਾ-ਮਾਲੂਮ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
;
;
;
;
;
;
;
;