JALANDHAR WEATHER

ਯੋਗਰਾਜ ਸਿੰਘ ਵਲੋਂ ਅਗਾਊਂ ਜ਼ਮਾਨਤ ਅਰਜ਼ੀ ਦਾਖ਼ਲ, 20 ਮਈ ਨੂੰ ਹੋਵੇਗੀ ਸੁਣਵਾਈ

ਚੰਡੀਗੜ੍ਹ, 17 ਮਈ (ਕਪਿਲ ਵਧਵਾ)-ਥਾਣਾ ਸੈਕਟਰ-36 ਵਿਖੇ ਦਰਜ ਐੱਫ. ਆਈ. ਆਰ. ਵਿਚ ਮੁਲਜ਼ਮ ਵਜੋਂ ਨਾਮਜ਼ਦ ਪੰਜਾਬੀ ਅਦਾਕਾਰ ਅਤੇ ਸਾਬਕਾ ਕ੍ਰਿਕਟ ਖਿਡਾਰੀ ਯੋਗਰਾਜ ਸਿੰਘ ਨੇ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿਚ ਅਗਾਊਂ ਜ਼ਮਾਨਤ ਹਾਸਲ ਕਰਨ ਲਈ ਅਰਜ਼ੀ ਦਾਖ਼ਲ ਕੀਤੀ ਹੈ। ਇਸ ਅਰਜ਼ੀ ’ਤੇ ਸੁਣਵਾਈ 20 ਮਈ ਨੂੰ ਹੋਵੇਗੀ। ਜਾਣਕਾਰੀ ਅਨੁਸਾਰ ਯੋਗਰਾਜ ਸਿੰਘ ਵਲੋਂ ਸ਼ਨਿਚਰਵਾਰ ਨੂੰ ਆਪਣੇ ਵਕੀਲ ਰਾਹੀਂ ਜ਼ਿਲ੍ਹਾ ਅਦਾਲਤ ਵਿਚ ਐਂਟੀਸਪੇਟਰੀ (ਅਗਾਉ) ਜ਼ਮਾਨਤ ਲਈ ਪਟੀਸ਼ਨ ਦਾਖ਼ਲ ਕੀਤੀ ਗਈ। ਇਸ ’ਤੇ ਨੋਟਿਸ ਲੈਂਦਿਆਂ ਜ਼ਿਲ੍ਹਾ ਅਤੇ ਸੈਸ਼ਨ ਜੱਜ ਐੱਚ. ਐਸ. ਗਰੇਵਾਲ ਵਲੋਂ ਬੁੱਧਵਾਰ ਲਈ ਪੁਲਿਸ ਰਿਕਾਰਡ ਤਲਬ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਚੰਡੀਗੜ੍ਹ ਪੁਲਿਸ ਵਲੋਂ ਯੋਗਰਾਜ ਸਿੰਘ ਖ਼ਿਲਾਫ਼ ਬੀ. ਐਨ. ਐਸ. ਦੀ ਧਾਰਾ 79 ਅਤੇ ਆਈ. ਟੀ. ਐਕਟ ਦੀ ਧਾਰਾ 67-ਏ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ ਹੈ ਕਿ ਹਿੰਦੀ ਭਾਸ਼ਾ ਵਿਚ ਬਣੀ ਵੈੱਬ ਸੀਰੀਜ਼ ‘ਲੁਖੇ’ ਵਿਚ ਯੋਗਰਾਜ ਸਿੰਘ ਵਲੋਂ ਔਰਤਾਂ ਪ੍ਰਤੀ ਇਤਰਾਜ਼ਯੋਗ ਸ਼ਬਦਾਵਲੀ ਵਰਤੀ ਗਈ। ਇਸ ਸਬੰਧੀ ਸ਼ਿਕਾਇਤਕਰਤਾ ਵਕੀਲ ਅਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਸੈਕਟਰ-43 ਚੰਡੀਗੜ੍ਹ ਦੇ ਖ਼ਜ਼ਾਨਚੀ ਉਜਵਲ ਭਸੀਨ ਨੇ ਕਿਹਾ ਕਿ ਪੁਲਿਸ ਵਲੋਂ ਲਗਾਈਆਂ ਗਈਆਂ ਧਾਰਾਵਾਂ ਤਹਿਤ ਵੱਧ ਤੋਂ ਵੱਧ ਸਜ਼ਾ ਪੰਜ ਸਾਲ ਤੱਕ ਦੀ ਹੈ ਅਤੇ ਆਈ. ਟੀ. ਐਕਟ ਦੀ ਧਾਰਾ 67-ਏ ਗੈਰ-ਜ਼ਮਾਨਤੀ ਹੈ। ਉਨ੍ਹਾਂ ਕਿਹਾ ਕਿ ਫ਼ਿਲਮਾਂ ਵਿਚ ਦਲੇਰ ਵਿਅਕਤੀ ਦੇ ਕਿਰਦਾਰ ਨਿਭਾਉਣ ਵਾਲੇ ਯੋਗਰਾਜ ਸਿੰਘ ਨੂੰ ਹੁਣ ਗ੍ਰਿਫ਼ਤਾਰੀ ਦਾ ਡਰ ਸਤਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਯੋਗਰਾਜ ਸਿੰਘ ਨੂੰ ਪੁਲਿਸ ਅੱਗੇ ਪੇਸ਼ ਹੋ ਕੇ ਆਪਣਾ ਪੱਖ ਸਿੱਧੇ ਤੌਰ ’ਤੇ ਰੱਖਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜਾਣਕਾਰੀ ਮਿਲੀ ਹੈ ਕਿ ਚੰਡੀਗੜ੍ਹ ਪੁਲਿਸ ਨੂੰ ਕਲਾਕਾਰ ਯੋਗਰਾਜ ਸਿੰਘ ਦਾ ਅਸਲ ਪਤਾ ਹੁਣ ਹਾਸਲ ਹੋਇਆ ਹੈ। ਹਾਲਾਂਕਿ ਉਨ੍ਹਾਂ ਨੂੰ ਪੁਲਿਸ ਅੱਗੇ ਪੇਸ਼ ਹੋਣ ਲਈ ਕੋਈ ਪਰਵਾਨਾ ਨੋਟ ਕਰਵਾਇਆ ਗਿਆ ਹੈ ਜਾਂ ਨਹੀਂ, ਇਸ ਸਬੰਧੀ ਅਜੇ ਤੱਕ ਕੋਈ ਅਧਿਕਾਰਕ ਪੁਸ਼ਟੀ ਨਹੀਂ ਹੋ ਸਕੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ