JALANDHAR WEATHER

ਸ਼ੀ ਜਿਨਪਿੰਗ ਵਲੋਂ ਪੱਛਮੀ ਏਸ਼ੀਆ 'ਚ ਤੁਰੰਤ ਦੁਸ਼ਮਣੀ ਖ਼ਤਮ ਕਰਨ ਦਾ ਸੱਦਾ

ਬੀਜਿੰਗ, 20 ਮਈ (ਏਜੰਸੀ)-ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਬੁੱਧਵਾਰ ਨੂੰ ਪੱਛਮੀ ਏਸ਼ੀਆ 'ਚ ਦੁਸ਼ਮਣੀ ਨੂੰ ਤੁਰੰਤ ਖ਼ਤਮ ਕਰਨ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਹਾਲਾਤ ਇਕ ਨਾਜ਼ੁਕ ਮੋੜ 'ਤੇ ਪਹੰੁਚ ਗਏ ਹਨ | ਇਹ ਗੱਲ ਉਨ੍ਹਾਂ ਨੇ ਇਥੇ ਖੇਤਰੀ ਤਣਾਅ ਵਧਣ ਦਰਮਿਆਨ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਕਰਦੇ ਹੋਏ ਕਹੀ | 'ਗ੍ਰੇਟ ਹਾਲ ਆਫ ਦਿ ਪੀਪਲ' 'ਚ ਪੁਤਿਨ ਦਾ ਸਵਾਗਤ ਕਰਦੇ ਹੋਏ ਸ਼ੀ ਨੇ ਕਿਹਾ ਕਿ ਖਾੜੀ ਅਤੇ ਪੂਰੇ ਪੱਛਮੀ ਏਸ਼ੀਆ 'ਚ ਫਿਰ ਤੋਂ ਲੜਾਈ ਸ਼ੁਰੂ ਹੋਣ ਤੋਂ ਬਚਣਾ ਚਾਹੀਦਾ ਹੈ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਗੱਲਬਾਤ ਜਾਰੀ ਰਹਿਣੀ ਚਾਹੀਦੀ ਹੈ | ਚੀਨੀ ਰਾਸ਼ਟਰਪਤੀ ਨੇ ਕਿਹਾ ਕਿ ਇਸ ਟਕਰਾਅ ਦਾ ਜਲਦੀ ਅੰਤ ਹੋਣ ਨਾਲ ਊਰਜਾ ਸਪਲਾਈ, ਉਦਯੋਗਿਕ ਅਤੇ ਸਪਲਾਈ ਚੇਨ ਅਤੇ ਅੰਤਰਰਾਸ਼ਟਰੀ ਵਪਾਰ ਵਿਵਸਥਾ 'ਚ ਆ ਰਹੀਆਂ ਰੁਕਾਵਟਾਂ ਨੂੰ ਘੱਟ ਕਰਨ 'ਚ ਮਦਦ ਮਿਲੇਗੀ | ਸ਼ੀ ਅਤੇ ਪੁਤਿਨ ਦਰਮਿਆਨ ਇਹ ਗੱਲਬਾਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ 14-15 ਮਈ ਨੂੰ ਚੀਨ ਦੌਰੇ ਦੇ ਕੁਝ ਦਿਨਾਂ ਬਾਅਦ ਹੋਈ | ਇਸ ਬੈਠਕ 'ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ, ਕਿਉਂਕਿ ਚੀਨ ਅਤੇ ਰੂਸ ਦੋਵੇਂ ਹੀ ਈਰਾਨ ਦੇ ਅਹਿਮ ਰਣਨੀਤਕ ਭਾਈਵਾਲ ਹਨ | ਤਹਿਰਾਨ ਦੇ ਨਾਲ ਉਨ੍ਹਾਂ ਦੇ ਆਰਥਿਕ ਅਤੇ ਸੈਨਿਕ ਸੰਬੰਧ ਕਾਫੀ ਡੂੰਘੇ ਹਨ | ਅਜਿਹੇ 'ਚ ਇਹ ਹੋਰਮੁਜ਼ ਜਲਡਮਰੂ ਨੂੰ ਬੰਦ ਕਰਨ ਦੇ ਈਰਾਨ ਦੇ ਸਖ਼ਤ ਰੁਖ ਨੂੰ ਪ੍ਰਭਾਵਿਤ ਕਰ ਸਕਦੇ ਹਨ, ਜਿਸ ਕਾਰਨ ਦੁਨੀਆ ਭਰ 'ਚ ਊਰਜਾ ਦਾ ਵੱਡਾ ਸੰਕਟ ਖੜ੍ਹਾ ਹੋ ਗਿਆ ਹੈ | ਸ਼ੀ ਨੇ ਅੰਤਰਰਾਸ਼ਟਰੀ ਹਾਲਾਤ ਨੂੰ ਅਸਥਿਰ ਅਤੇ ਉਥਲ-ਪੁਥਲ ਭਰਿਆ ਦੱਸਿਆ | ਨਾਲ ਹੀ ਟਰੰਪ ਦੀਆਂ ਨੀਤੀਆਂ ਦੀ ਸਪੱਸ਼ਟ ਆਲੋਚਨਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਕਪਾਸੜਵਾਦ ਅਤੇ ਦਾਦਾਗਿਰੀ ਫਿਰ ਸਿਰ ਚੁੱਕ ਰਹੀ ਹੈ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ