ਸ਼ਾਰਟ ਸਰਕਟ ਕਾਰਨ ਸੈਲਰ ਵਿਚ ਲੱਗੀ ਅੱਗ, ਲੱਖਾਂ ਰੁਪਏ ਦਾ ਨੁਕਸਾਨ
ਗੁਰੂਹਰਸਹਾਏ, 21 ਮਈ (ਕਪਿਲ ਕੰਧਾਰੀ- ਸ਼ਰੀਹ ਵਾਲਾ ਰੋਡ ਨੇੜੇ ਸਥਿਤ ਰਾਜ ਰਾਈਸ ਮਿਲ ਸ਼ੈਲਰ ਵਿਚ ਸ਼ਾਰਟ ਸਰਕਟ ਕਾਰਨ ਭਿਆਨਕ ਅੱਗ ਲੱਗ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਅੱਗ ਲੱਗਣ ਨਾਲ ਸੈਲਰ ਵਿਚ ਪਿਆ ਹਜ਼ਾਰਾਂ ਦੀ ਗਿਣਤੀ ਵਿਚ ਨਵਾਂ ਖਾਲੀ ਬਾਰਦਾਨਾ ਸੜ ਕੇ ਸੁਆਹ ਹੋ ਗਿਆ, ਜਿਸ ਕਾਰਨ ਮਿਲ ਮਾਲਕ ਨੂੰ ਲੱਖਾਂ ਰੁਪਏ ਦਾ ਨੁਕਸਾਨ ਝੱਲਣਾ ਪਿਆ। ਹਾਲਾਂਕਿ ਸਮੇਂ ਸਿਰ ਫਾਇਰ ਬ੍ਰਿਗੇਡ ਅਤੇ ਮਜ਼ਦੂਰਾਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾ ਲਿਆ ਗਿਆ, ਜਿਸ ਨਾਲ ਵੱਡਾ ਹਾਦਸਾ ਟਲ ਗਿਆ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਰਾਈਸ ਮਿਲ ਦੇ ਮਾਲਕ ਬੂੜ ਚੰਦ ਕਪੂਰ ਨੇ ਦੱਸਿਆ ਕਿ ਅੱਜ ਦੁਪਹਿਰ ਕਰੀਬ ਅਚਾਨਕ ਸੈਲਰ ਵਿਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਅੱਗ ਨੇ ਕੁਝ ਹੀ ਸਮੇਂ ਵਿਚ ਉਥੇ ਪਿਆ ਨਵਾਂ ਖਾਲੀ ਗੱਟਾ ਬਾਰਦਾਨਾ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਦੀਆਂ ਉੱਚੀਆਂ ਲਪਟਾਂ ਅਤੇ ਧੂੰਏਂ ਕਾਰਨ ਇਲਾਕੇ ਵਿਚ ਹੜਕੰਪ ਮਚ ਗਿਆ।
ਉਨ੍ਹਾਂ ਦੱਸਿਆ ਕਿ ਘਟਨਾ ਦੀ ਤੁਰੰਤ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਫਾਜ਼ਿਲਕਾ, ਫਿਰੋਜ਼ਪੁਰ ਅਤੇ ਜਲਾਲਾਬਾਦ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚੀਆਂ। ਉਨ੍ਹਾਂ ਨੇ ਦੱਸਿਆ ਕਿ ਫਾਇਰ ਕਰਮਚਾਰੀਆਂ ਨੇ ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਮਿਲ ਮਾਲਿਕ ਨੇ ਕਿਹਾ ਕਿ ਗਨੀਮਤ ਇਹ ਰਹੀ ਕਿ ਅੱਗ ਸੈਲਰ ਦੇ ਹੋਰ ਹਿੱਸਿਆਂ ਤੱਕ ਨਹੀਂ ਫੈਲੀ। ਜੇਕਰ ਅੱਗ ਚਾਵਲ, ਝੋਨੇ ਅਤੇ ਹੋਰ ਸਟਾਕ ਤੱਕ ਪਹੁੰਚ ਜਾਂਦੀ ਤਾਂ ਕਰੋੜਾਂ ਰੁਪਏ ਦਾ ਵੱਡਾ ਨੁਕਸਾਨ ਹੋ ਸਕਦਾ ਸੀ। ਉਨ੍ਹਾਂ ਨੇ ਦੱਸਿਆ ਕਿ ਸੈਲਰ ਵਿਚ ਕੰਮ ਕਰ ਰਹੀ ਲੇਬਰ ਅਤੇ ਆਸ-ਪਾਸ ਦੇ ਲੋਕਾਂ ਨੇ ਵੀ ਅੱਗ ਬੁਝਾਉਣ ਵਿਚ ਵੱਡੀ ਮਦਦ ਕੀਤੀ, ਜਿਸ ਨਾਲ ਹਾਲਾਤ ਕਾਬੂ ਵਿੱਚ ਆ ਸਕੇ।
ਅੱਗ ਕਾਰਨ ਸੜ ਕੇ ਸੁਆਹ ਹੋਏ ਬਾਰਦਾਨੇ ਅਤੇ ਹੋਰ ਸਮਾਨ ਨੂੰ ਜੇਸੀਬੀ ਮਸ਼ੀਨ ਦੀ ਮਦਦ ਨਾਲ ਬਾਹਰ ਕੱਢਿਆ ਜਾ ਰਿਹਾ ਹੈ। ਘਟਨਾ ਤੋਂ ਬਾਅਦ ਇਲਾਕੇ ਵਿਚ ਲੋਕਾਂ ਦੀ ਭੀੜ ਇਕੱਠੀ ਹੋ ਗਈ ਅਤੇ ਲੋਕਾਂ ਵਲੋਂ ਪ੍ਰਸ਼ਾਸਨ ਨੂੰ ਉਦਯੋਗਿਕ ਇਕਾਈਆਂ ਵਿੱਚ ਅੱਗ ਬੁਝਾਉ ਪ੍ਰਬੰਧ ਹੋਰ ਮਜ਼ਬੂਤ ਕਰਨ ਦੀ ਮੰਗ ਕੀਤੀ ਗਈ।
;
;
;
;
;
;
;
;