ਦਫ਼ਤਰ ’ਚ ਲੜਕੇ ਵਲੋਂ ਲੜਕੀ ਦਾ ਕਤਲ
ਮੋਹਾਲੀ, 5 ਜੂਨ (ਸਤਾਂਸ਼ੂ)- ਮੋਹਾਲੀ ਵਿਚ ਇਕ ਨਿੱਜੀ ਕੰਪਨੀ ਵਿਚ ਕੰਮ ਕਰਨ ਵਾਲੀ ਇਕ ਲੜਕੀ ਦਾ ਉਸ ਦੇ ਦਫ਼ਤਰ ਵਿਚ ਕਤਲ ਕਰ ਦਿੱਤਾ ਗਿਆ। ਦੋਸ਼ੀ ਲੜਕੀ ਨੂੰ ਜਾਣਦਾ ਸੀ ਅਤੇ ਉਸ ਨਾਲ ਕੰਮ ਕਰਦਾ ਸੀ। ਉਸ ਨੇ ਪਹਿਲਾਂ ਉਸ ਦੀ ਗਰਦਨ ਵਿਚ 10 ਤੋਂ ਵੱਧ ਵਾਰ ਕੀਤੇ ਅਤੇ ਬਾਅਦ ਵਿਚ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ, ਪਰ ਅਸਫ਼ਲ ਰਿਹਾ।
ਦੋਵਾਂ ਨੂੰ ਗੰਭੀਰ ਹਾਲਤ ਵਿਚ ਫੋਰਟਿਸ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਲੜਕੀ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂ ਕਿ ਦੋਸ਼ੀ ਦੀ ਹਾਲਤ ਅਜੇ ਵੀ ਗੰਭੀਰ ਹੈ।
ਘਟਨਾ ਦੀ ਸੀ.ਸੀ.ਟੀ.ਵੀ. ਫੁਟੇਜ ਵੀ ਸਾਹਮਣੇ ਆਈ ਹੈ। ਘਟਨਾ ਦੀ ਜਾਣਕਾਰੀ ਮਿਲਣ 'ਤੇ ਫ਼ੇਜ਼ 11 ਪੁਲਿਸ ਸਟੇਸ਼ਨ ਦੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਸਥਿਤੀ ਦਾ ਜਾਇਜ਼ਾ ਲਿਆ। ਲੜਕੀ ਦੀ ਲਾਸ਼ ਦਾ ਪੋਸਟਮਾਰਟਮ ਅੱਜ ਕੀਤਾ ਜਾਵੇਗਾ।
ਮ੍ਰਿਤਕਾ ਦੀ ਪਛਾਣ ਡਿੰਪਲ ਵਜੋਂ ਹੋਈ ਹੈ, ਜੋ ਕਿ ਪਟਿਆਲਾ ਦੀ ਰਹਿਣ ਵਾਲੀ ਹੈ, ਜਦੋਂ ਕਿ ਦੋਸ਼ੀ ਦੀ ਪਛਾਣ ਹਰਵਿੰਦਰ ਮਾਨ ਉਰਫ਼ ਹੈਰੀ ਵਜੋਂ ਕੀਤੀ ਗਈ ਹੈ।
ਪਤਾ ਲੱਗਾ ਹੈ ਕਿ ਦੋਵੇਂ ਇਕ ਨਿੱਜੀ ਕੰਪਨੀ ਵਿਚ ਕੰਮ ਕਰਦੇ ਸਨ। ਇਹ ਕੰਪਨੀ ਪੈਕਰ ਅਤੇ ਮੂਵਰ ਦਾ ਕੰਮ ਕਰਦੀ ਸੀ। ਉਹ ਲਗਭਗ ਤਿੰਨ ਸਾਲਾਂ ਤੋਂ ਇਕੱਠੇ ਕੰਮ ਕਰ ਰਹੇ ਸਨ। ਇਸ ਸਮੇਂ ਦੌਰਾਨ ਉਹ ਦੋਸਤ ਬਣੇ ਅਤੇ ਇਹ ਪਿਆਰ ਵਿਚ ਬਦਲ ਗਿਆ। ਹਾਲਾਂਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਦਾ ਬ੍ਰੇਕਅੱਪ ਹੋ ਗਿਆ।
ਬ੍ਰੇਕਅੱਪ ਤੋਂ ਬਾਅਦ ਦੋਸ਼ੀ ਬਹੁਤ ਟੁੱਟ ਗਿਆ ਸੀ। ਉਹ ਮਾਨਸਿਕ ਸਮੱਸਿਆਵਾਂ ਤੋਂ ਪੀੜਤ ਹੋਣ ਲੱਗਾ। ਉਸ ਨੇ ਡਿੰਪਲ ਨਾਲ ਆਪਣੇ ਰਿਸ਼ਤੇ ਨੂੰ ਦੁਬਾਰਾ ਸੁਧਾਰਨ ਦੀ ਕੋਸ਼ਿਸ਼ ਕੀਤੀ, ਪਰ ਇਹ ਸਿਰੇ ਨਹੀਂ ਚੜ੍ਹ ਸਕਿਆ। ਇਸ ਕਾਰਨ ਉਹ ਪਰੇਸ਼ਾਨ ਹੋ ਗਿਆ ਸੀ।
ਵੀਰਵਾਰ ਦੇਰ ਸ਼ਾਮ ਦੋਸ਼ੀ ਕੰਪਨੀ ਪਹੁੰਚਿਆ, ਜਿਥੇ ਦੋਸ਼ੀ ਅਤੇ ਮ੍ਰਿਤਕ ਦੀ ਕਿਸੇ ਗੱਲ 'ਤੇ ਬਹਿਸ ਹੋ ਗਈ। ਇਸ ਦੌਰਾਨ ਉਸ ਨੇ ਡਿੰਪਲ 'ਤੇ ਵਾਰ-ਵਾਰ ਚਾਕੂ ਨਾਲ ਵਾਰ ਕੀਤੇ।
;
;
;
;
;
;
;
;