ਡੇਰਾ ਬਾਬਾ ਨਾਨਕ ਪੁਲਿਸ ਵਲੋਂ 2 ਪਿਸਤੌਲ ਤੇ ਚਾਰ ਮੈਗਜ਼ੀਨਾਂ ਸਮੇਤ ਨੌਜਵਾਨ ਕਾਬੂ
ਡੇਰਾ ਬਾਬਾ ਨਾਨਕ, 5 ਜੂਨ (ਹੀਰਾ ਸਿੰਘ ਮਾਂਗਟ)- ਡੇਰਾ ਬਾਬਾ ਨਾਨਕ ਦੀ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਪਠਾਨਕੋਟ ਦੀ ਟੀਮ ਵਲੋਂ ਸਰਹੱਦੀ ਇਲਾਕੇ ਅੰਦਰ ਕੀਤੇ ਗਏ ਸਾਂਝੇ ਅਭਿਆਨ ਦੌਰਾਨ ਦੇਰ ਰਾਤ ਇਕ ਨੌਜਵਾਨ ਨੂੰ ਤੁਰਕੀ ਦੇ ਬਣੇ ਦੋ ਪਿਸਟਲ ਅਤੇ ਚਾਰ ਮੈਗੀਜ਼ਨਾਂ ਸਮੇਤ ਕਾਬੂ ਕਰਨ ਵਿਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਐਸ.ਐਚ.ਓ. ਅਸ਼ੋਕ ਕੁਮਾਰ ਨੇ ਦੱਸਿਆ ਕਿ ਬੀਤੀ ਦੇਰ ਰਾਤ ਕਾਊਂਟਰ ਇੰਟੈਲੀਜੈਂਸ ਪਠਾਨਕੋਟ ਦੀ ਟੀਮ ਅਤੇ ਡੇਰਾ ਬਾਬਾ ਨਾਨਕ ਪੁਲਿਸ ਵਲੋਂ ਕੀਤੇ ਗਏ ਸਾਂਝੇ ਤਲਾਸ਼ੀ ਅਭਿਆਨ ਦੌਰਾਨ ਗੁਪਤ ਸੂਚਨਾ ਮਿਲੀ ਸੀ ਕਿ ਕਲਾਨੌਰ ਵਾਲੇ ਪਾਸੇ ਤੋਂ ਡੇਰਾ ਬਾਬਾ ਨਾਨਕ ਨੂੰ ਇਕ ਅਣ-ਪਛਾਤਾ ਵਿਅਕਤੀ ਹਥਿਆਰਾਂ ਦੀ ਖੇਪ ਲੈ ਕੇ ਆ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਜਦ ਪੁਲਿਸ ਵਲੋਂ ਪਿੰਡ ਕਾਦੀਆਂ ਗੁਜਰਾਂ ਦੇ ਟੀ ਪੁਆਇੰਟ ਨੇੜੇ ਮੀਂਹ ਕਾਰਨ ਸ਼ੈੱਡ ਹੇਠਾਂ ਖੜ੍ਹੇ ਇਕ ਵਿਅਕਤੀ, ਜਿਸ ਨੇ ਆਪਣੇ ਹੱਥ ਵਿਚ ਲਿਫ਼ਾਫ਼ਾ ਫੜਿਆ ਹੋਇਆ ਸੀ, ਦੀ ਚੈਕਿੰਗ ਕੀਤੀ ਤਾਂ ਉਸ ਵਿਚੋਂ 2 ਵਿਦੇਸ਼ੀ ਤੁਰਕੀ ਮੇਡ 30 ਬੋਰ ਦੇ ਦੋ ਪਿਸਟਲ ਅਤੇ ਚਾਰ ਮੈਗਜ਼ੀਨ ਬਰਾਮਦ ਹੋਏ ਹਨ। ਐਸ.ਐਚ.ਓ. ਅਸ਼ੋਕ ਕੁਮਾਰ ਨੇ ਦੱਸਿਆ ਕਿ ਕਾਬੂ ਕੀਤੇ ਗਏ ਨੌਜਵਾਨ ਦੀ ਪਛਾਣ ਗੁਰਸੁਖਵਿੰਦਰ ਸਿੰਘ ਉਰਫ ਸਾਬਾ ਪਿੰਡ ਤਲਵੰਡੀ ਗੁਰਾਇਆ ਡੇਰਾ ਬਾਬਾ ਨਾਨਕ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਉਕਤ ਵਿਅਕਤੀ ਨੂੰ ਕਾਬੂ ਕਰਕੇ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਵਿਚ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਦਿੱਤਾ ਹੈ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
;
;
;
;
;
;
;