ਚੰਡੀਗੜ੍ਹ ’ਚ ਪ੍ਰਸ਼ਾਸਨ ਨੇ 2500 ਝੁੱਗੀਆਂ ’ਤੇ ਚਲਾਇਆ ਬੁਲਡੋਜ਼ਰ

ਚੰਡੀਗੜ੍ਹ, 6 ਮਈ (ਸੰਦੀਪ)- ਪ੍ਰਸ਼ਾਸਨ ਨੇ ਚੰਡੀਗੜ੍ਹ ਨੂੰ ਝੁੱਗੀ-ਝੌਂਪੜੀ ਮੁਕਤ ਸ਼ਹਿਰ ਬਣਾਉਣ ਲਈ ਯਤਨ ਤੇਜ਼ ਕਰ ਦਿੱਤੇ ਹਨ। ਇਸ ਕਾਰਨ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀ ਅਤੇ ਪੁਲਿਸ ਫੋਰਸ ਅੱਜ ਸੈਕਟਰ-25 ਦੀ ਝੁੱਗੀ-ਝੌਂਪੜੀ ਨੂੰ ਢਾਹੁਣ ਲਈ ਪਹੁੰਚੀ ਅਤੇ ਬੁਲਡੋਜ਼ਰ ਦੀ ਮਦਦ ਨਾਲ ਸਾਰੀਆਂ ਝੁੱਗੀਆਂ ਢਾਹ ਦਿੱਤੀਆਂ ਗਈਆਂ। ਇਸ ਤੋਂ ਪਹਿਲਾਂ, ਲੋਕਾਂ ਨੂੰ ਨੋਟਿਸ ਦਿੱਤਾ ਗਿਆ ਸੀ ਅਤੇ ਝੁੱਗੀਆਂ ਖਾਲੀ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਜ਼ਿਆਦਾਤਰ ਲੋਕਾਂ ਨੇ ਆਪਣਾ ਸਮਾਨ ਖੁਦ ਕੱਢ ਲਿਆ ਸੀ। ਇਸ ਦੌਰਾਨ ਕਿਸੇ ਨੇ ਵੀ ਪ੍ਰਸ਼ਾਸਨ ਦੀ ਇਸ ਕਾਰਵਾਈ ਦਾ ਵਿਰੋਧ ਨਹੀਂ ਕੀਤਾ। ਅੱਜ ਸਵੇਰੇ ਪ੍ਰਸ਼ਾਸਨ ਵਲੋਂ ਲਗਭਗ 2500 ਝੁੱਗੀਆਂ ਢਾਹ ਦਿੱਤੀਆਂ ਗਈਆਂ। ਪ੍ਰਸ਼ਾਸਨ ਵਲੋਂ ਕੀਤੀ ਜਾ ਰਹੀ ਕਾਰਵਾਈ ਦੇ ਵਿਰੋਧ ’ਚ ਪ੍ਰਦਰਸ਼ਨ ਕੀਤੇ ਜਾਣ ਦੀ ਸੰਭਾਵਨਾ ਦੇ ਚਲਦਿਆਂ ਪੁਲਿਸ ਨੇ ਕੌਂਸਲਰ ਪੂਨਮ ਦੇ ਪਤੀ ਅਤੇ ਆਪ ਆਗੂ ਸੰਦੀਪ ਨੂੰ ਹਿਰਾਸਤ ਵਿਚ ਲੈ ਲਿਆ ਹੈ।