ਥਾਈਲੈਂਡ ’ਚ ਵਿਅਕਤੀ ਵਲੋਂ ਗੋਲੀਬਾਰੀ, 6 ਦੀ ਮੌਤ

ਬੈਂਕਾਕ, 28 ਜੁਲਾਈ- ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿਚ ਇਕ ਬਾਜ਼ਾਰ ਵਿਚ ਇਕ 61 ਸਾਲਾ ਵਿਅਕਤੀ ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ, ਜਿਸ ਨਾਲ ਘੱਟੋ-ਘੱਟ ਛੇ ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਹਮਲਾਵਰ ਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ। ਗੋਲੀਬਾਰੀ ਵਿਚ 3 ਲੋਕ ਜ਼ਖਮੀ ਵੀ ਹੋ ਗਏ। ਇਹ ਘਟਨਾ ਬੈਂਕਾਕ ਦੇ ਮਸ਼ਹੂਰ ਓਰ ਟੋ ਕੋਰ ਮਾਰਕੀਟ ਵਿਚ ਵਾਪਰੀ, ਜੋ ਸੈਲਾਨੀਆਂ ਵਿਚ ਬਹੁਤ ਮਸ਼ਹੂਰ ਹੈ।
ਪੁਲਿਸ ਦੇ ਅਨੁਸਾਰ, ਹਮਲਾਵਰ ਦੀ ਪਛਾਣ ਸ਼੍ਰੀ ਨੋਈ ਵਜੋਂ ਹੋਈ ਹੈ। ਉਹ ਮੌਕੇ ’ਤੇ ਮ੍ਰਿਤਕ ਪਾਇਆ ਗਿਆ। ਬੈਂਕਾਕ ਦੇ ਬਾਂਗ ਸੂ ਜ਼ਿਲ੍ਹੇ ਦੇ ਡਿਪਟੀ ਪੁਲਿਸ ਮੁਖੀ ਨੇ ਕਿਹਾ ਕਿ ਫਿਲਹਾਲ ਇਸ ਨੂੰ ਸਮੂਹਿਕ ਗੋਲੀਬਾਰੀ ਮੰਨਿਆ ਜਾ ਰਿਹਾ ਹੈ। ਹਮਲਾਵਰ ਦੇ ਇਰਾਦੇ ਦੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਕੀ ਇਸ ਗੋਲੀਬਾਰੀ ਦਾ ਥਾਈਲੈਂਡ-ਕੰਬੋਡੀਆ ਸਰਹੱਦ ’ਤੇ ਚੱਲ ਰਹੀਆਂ ਝੜਪਾਂ ਨਾਲ ਕੋਈ ਸੰਬੰਧ ਹੈ।