ਕੌਂਸਲ ਆਫ਼ ਜੂਨੀਅਰ ਇੰਜੀਨੀਅਰਜ਼ ਵਲੋਂ ਮੰਗਾਂ ਨੂੰ ਲੈ ਕੇ ਪਾਵਰਕਾਮ ਦੇ ਦਫ਼ਤਰ ਮੂਹਰੇ ਧਰਨਾ

ਕਪੂਰਥਲਾ, 7 ਅਗਸਤ (ਅਮਰਜੀਤ ਕੋਮਲ)-ਕੌਂਸਲ ਆਫ਼ ਜੂਨੀਅਰ ਇੰਜੀਨੀਅਰਜ਼ (ਪੀ.ਐਸ.ਈ.ਬੀ.) ਰਜਿ. ਕਪੂਰਥਲਾ ਸਰਕਲ ਵਲੋਂ ਅੱਜ ਸੂਬਾ ਕਮੇਟੀ ਦੇ ਸੱਦੇ ਅਨੁਸਾਰ ਜੂਨੀਅਰ ਇੰਜੀਨੀਅਰਾਂ ਦੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ ਸਰਕਲ ਪ੍ਰਧਾਨ ਇੰਜੀ. ਪਲਵਿੰਦਰ ਸਿੰਘ ਜੇ.ਈ. ਦੀ ਪ੍ਰਧਾਨਗੀ ਹੇਠ ਪਾਵਰਕਾਮ ਦੇ ਸਰਕਲ ਦਫ਼ਤਰ ਕਪੂਰਥਲਾ ਮੂਹਰੇ ਧਰਨਾ ਦਿੱਤਾ ਗਿਆ। ਧਰਨੇ ਵਿਚ ਸ਼ਾਮਿਲ ਹੋਏ ਜੂਨੀਅਰ ਇੰਜੀਨੀਅਰਜ਼, ਵਧੀਕ ਸਹਾਇਕ ਇੰਜੀਨੀਅਰਜ਼ ਤੇ ਪਦਉੱਨਤ ਸਹਾਇਕ ਇੰਜੀਨੀਅਰਜ਼ ਨੇ ਪੰਜਾਬ ਸਰਕਾਰ ਦੇ ਪਾਵਰਕਾਮ ਵਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕੀਤੇ ਜਾਣ ਦੇ ਰੋਸ ਵਜੋਂ ਨਾਅਰੇਬਾਜ਼ੀ ਕੀਤੀ। ਧਰਨੇ ਵਿਚ ਉਚੇਚੇ ਤੌਰ 'ਤੇ ਸ਼ਾਮਿਲ ਹੋਏ ਕੌਂਸਲ ਆਫ਼ ਜੂਨੀਅਰ ਇੰਜੀਨੀਅਰਜ਼ ਦੇ ਜ਼ੋਨਲ ਪ੍ਰਧਾਨ ਇੰਜੀ. ਗੁਰਨਾਮ ਸਿੰਘ ਬਾਜਵਾ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਵਰਕਾਮ ਦੀ ਮੈਨੇਜਮੈਂਟ ਵਲੋਂ ਜੂਨੀਅਰ ਇੰਜੀਨੀਅਰਜ਼ ਦੀਆਂ ਅਹਿਮ ਮੰਗਾਂ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ।
ਉਨ੍ਹਾਂ ਨਵੇਂ ਭਰਤੀ ਹੋਏ ਜੇ.ਈਜ਼ ਨੂੰ ਸਰਕਾਰ ਦੇ ਜੇ.ਈਜ਼ ਨਾਲ ਡਿਫਰੈਂਸ਼ੀਅਲ ਦੇ ਸਿਧਾਂਤ ਤਹਿਤ 6ਵੇਂ ਪੇ ਕਮਿਸ਼ਨ ਨੂੰ ਆਧਾਰ ਮੰਨਦਿਆਂ ਮੁੱਢਲਾ ਤਨਖ਼ਾਹ ਸਕੇਲ 47900 ਰੁਪਏ ਤੇ ਜੂਨੀਅਰ ਇੰਜੀਨੀਅਰਜ਼ ਦਾ 9/16 ਸਾਲਾਂ ਸਮਾਂ ਬੱਧ ਤਰੱਕੀ ਸਕੇਲ ਜਾਰੀ ਰੱਖਣ, ਜੇ.ਈਜ਼/ਏ.ਏ.ਈਜ਼ ਦਾ ਸਪੈਸ਼ਲ ਅਲਾਊਂਸ ਬਹਾਲ ਕਰਨ, 30 ਲੀਟਰ ਤੇਲ ਪ੍ਰਤੀ ਮਹੀਨਾ ਖ਼ਰਚਾ ਦੁੱਗਣਾ ਕਰਨ, ਦੂਜਾ ਸਮਾਂਬੱਧ ਸਕੇਲ ਸੀਨੀਅਰ ਕਾਰਜਕਾਰੀ ਇੰਜੀਨੀਅਰ ਦਾ ਦੇਣ ਤੋਂ ਇਲਾਵਾ ਪਾਵਰਕਾਮ ਵਿਚ ਪਦਉੱਨਤੀ ਦੀ ਮੰਗ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਕੌਂਸਲ ਦੇ ਜ਼ੋਨਲ ਵਿੱਤ ਸਕੱਤਰ ਇੰਜੀ. ਬਲਬੀਰ ਸਿੰਘ ਨੇ ਪਾਵਰਕਾਮ ਮੈਨੇਜਮੈਂਟ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਜੇ.ਈਜ਼ ਦੀਆਂ ਮੰਗਾਂ ਨੂੰ ਤੁਰੰਤ ਅਮਲੀ ਰੂਪ ਨਾ ਦਿੱਤਾ ਗਿਆ ਤਾਂ ਕੌਂਸਲ ਆਫ਼ ਇੰਜੀਨੀਅਰ ਦੀ ਅਗਵਾਈ ਵਿਚ ਸਮੂਹ ਜੂਨੀਅਰ ਇੰਜੀਨੀਅਰ ਪਾਵਰਕਾਮ ਦੇ ਉੱਤਰੀ ਜ਼ੋਨ ਜਲੰਧਰ ਦੇ ਸਾਹਮਣੇ ਵਿਸ਼ਾਲ ਰੋਸ ਧਰਨਾ ਦੇਣਗੇ, ਜਿਸਦੀ ਜ਼ਿੰਮੇਵਾਰੀ ਪਾਵਰਕਾਮ ਮੈਨੇਜਮੈਂਟ ਦੀ ਹੋਵੇਗੀ। ਇਸ ਮੌਕੇ ਬੋਲਦਿਆਂ ਸਰਕਲ ਪ੍ਰਧਾਨ ਇੰਜੀ. ਪਲਵਿੰਦਰ ਸਿੰਘ ਤੇ ਸਕੱਤਰ ਇੰਜੀ. ਸੁਨੀਲ ਹੰਸ ਏ.ਈ. ਨੇ ਕਿਹਾ ਕਿ ਜੇਕਰ ਭਰਾਤਰੀ ਜਥੇਬੰਦੀਆਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਸਮੂਹਿਕ ਛੁੱਟੀ 'ਤੇ ਜਾਂਦੀਆਂ ਹਨ ਤਾਂ ਜੂਨੀਅਰ ਇੰਜੀਨੀਅਰ ਉਨ੍ਹਾਂ ਦੀ ਥਾਂ 'ਤੇ ਡਿਊਟੀ ਨਹੀਂ ਕਰਨਗੇ।