ਮੌਜੂਦਾ ਕੌਂਸਲਰ ਦਾ ਪਤੀ ਨਾਜਾਇਜ਼ ਸ਼ਰਾਬ ਦੀਆਂ 10 ਪੇਟੀਆਂ ਸਣੇ ਕਾਬੂ

ਬੱਧਨੀ ਕਲਾਂ, 7 ਅਗਸਤ (ਸੰਜੀਵ ਕੋਛੜ)-ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅਭਿਆਨ ਚਲਾਇਆ ਜਾ ਰਿਹਾ ਹੈ ਅਤੇ ਆਏ ਦਿਨ ਨਸ਼ਾ ਤਸਕਰਾਂ, ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ ਪਰ ਸਥਾਨਕ ਸ਼ਹਿਰ ’ਚ ਅੱਗ ਵਾਂਗ ਗੱਲ ਉਸ ਸਮੇਂ ਫੈਲ ਗਈ ਜਦੋਂ ਬੱਧਨੀ ਕਲਾਂ ਤੋਂ ਮੌਜੂਦਾ ਕੌਂਸਲਰ ਦਾ ਪਤੀ ਅਤੇ ਆਪਣੇ-ਆਪ ਨੂੰ ਜ਼ਿਲ੍ਹੇ ਦਾ ਯੂਥ ਆਗੂ ਦੱਸਣ ਵਾਲੇ ਵਿਅਕਤੀ ਮਾਣਕ ਸਿੰਘ ਨੂੰ 10 ਪੇਟੀਆਂ ਨਾਜਾਇਜ਼ ਸ਼ਰਾਬ ਅਤੇ ਕਾਰ ਸਮੇਤ ਪੁਲਿਸ ਨੇ ਕਾਬੂ ਕਰ ਲਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬੱਧਨੀ ਕਲਾਂ ਵਿਖੇ ਇਕ ਵਿਅਕਤੀ ਕਾਰ ’ਚ ਸ਼ਰਾਬ ਲੈ ਕੇ ਵੇਚਣ ਦੀ ਤਾਕ ’ਚ ਖੜ੍ਹਾ ਹੈ, ਜਿਸ ਉਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੇ ਉਸਨੂੰ 10 ਪੇਟੀਆਂ ਨਾਜਾਇਜ਼ ਦੇਸੀ ਸ਼ਰਾਬ ਸਮੇਤ ਫੜਨ ’ਚ ਸਫਲਤਾ ਹਾਸਲ ਕੀਤੀ, ਜਿਸ ਵਿਰੁੱਧ ਥਾਣਾ ਬੱਧਨੀ ਕਲਾਂ ਵਿਖੇ ਐਕਸਾਈਜ਼ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾਂ ਨੰ. 139 ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ, ਜਦੋਂ ਇਸ ਸਬੰਧੀ ਪੁੱਛਿਆ ਗਿਆ ਕਿ ਇਹ ਸ਼ਰਾਬ ਕਿਥੋਂ ਲੈ ਕੇ ਆਇਆ ਹੈ ਤਾਂ ਉਨ੍ਹਾਂ ਕਿਹਾ ਕਿ ਇਹ ਤਫਤੀਸ਼ ਦਾ ਵਿਸ਼ਾ ਹੈ ਅਤੇ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।