ਅਦਾਕਾਰਾ ਹੁਮਾ ਕੁਰੈਸ਼ੀ ਦੇ ਚਚੇਰੇ ਭਰਾ ਦਾ ਕਤਲ

ਨਵੀਂ ਦਿੱਲੀ, 8 ਅਗਸਤ- ਬਾਲੀਵੁੱਡ ਅਦਾਕਾਰਾ ਹੁਮਾ ਕੁਰੈਸ਼ੀ ਦੇ ਚਚੇਰੇ ਭਰਾ ਦੀ ਦਿੱਲੀ ਦੇ ਨਿਜ਼ਾਮੂਦੀਨ ਇਲਾਕੇ ਵਿਚ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਵੀਰਵਾਰ ਰਾਤ 11 ਵਜੇ ਦੇ ਕਰੀਬ ਜੰਗਪੁਰਾ ਭਾਗੋਲ ਲੇਨ ਵਿਚ ਵਾਪਰੀ। ਪੁਲਿਸ ਨੇ ਦੱਸਿਆ ਕਿ ਹੁਮਾ ਦੇ ਭਰਾ ਆਸਿਫ਼ ਕੁਰੈਸ਼ੀ ਦਾ ਮੁੱਖ ਗੇਟ ਦੇ ਸਾਹਮਣੇ ਆਪਣਾ ਸਕੂਟਰ ਖੜ੍ਹਾ ਕਰਨ ਨੂੰ ਲੈ ਕੇ ਆਪਣੇ ਗੁਆਂਢ ਦੇ ਦੋ ਲੋਕਾਂ ਨਾਲ ਝਗੜਾ ਹੋਇਆ ਸੀ। ਝਗੜੇ ਤੋਂ ਬਾਅਦ ਦੋਸ਼ੀ ਨੇ ਆਸਿਫ਼ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ।
ਆਸਿਫ਼ ਨੂੰ ਗੰਭੀਰ ਹਾਲਤ ਵਿਚ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮਾਮਲੇ ਵਿਚ ਦੋਵਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਆਸਿਫ਼ ਦੀ ਪਤਨੀ ਸੈਨਜ਼ ਕੁਰੈਸ਼ੀ ਅਤੇ ਪਰਿਵਾਰ ਦਾ ਦੋਸ਼ ਹੈ ਕਿ ਦੋਸ਼ੀ ਨੇ ਮਾਮੂਲੀ ਗੱਲ ਨੂੰ ਲੈ ਕੇ ਉਸ ’ਤੇ ਬੇਰਹਿਮੀ ਨਾਲ ਹਮਲਾ ਕੀਤਾ।