JALANDHAR WEATHER

ਦਰਦਨਾਕ ਸੜਕ ਹਾਦਸੇ ਵਿਚ ਇਕ ਹੀ ਪਰਿਵਾਰ ਦੇ 4 ਜੀਆਂ ਸਮੇਤ 6 ਦੀ ਮੌਤ

ਚੰਬਾ/ਸ਼ਿਮਲਾ (ਹਿਮਾਚਲ ਪ੍ਰਦੇਸ਼), 8 ਅਗਸਤ (ਬਿਊਰੋ)- ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲੇ ਵਿਖੇ ਚੁਰਾਹ ਵਿਧਾਨ ਸਭਾ ਖੇਤਰ ਵਿਚ ਬੀਤੀ ਦੇਰ ਰਾਤ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਕ ਕਾਰ ਸੰਤੁਲਨ ਗੁਆ ਬੈਠੀ ਤੇ ਕਰੀਬ 500 ਮੀਟਰ ਡੂੰਘੀ ਖੱਡ ਵਿਚ ਜਾ ਡਿੱਗੀ। ਇਸ ਹਾਦਸੇ ਵਿਚ ਕਾਰ ’ਚ ਸਵਾਰ ਦੋ ਮਰਦ, ਦੋ ਮਹਿਲਾਵਾਂ ਤੇ ਦੋ ਬੱਚਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ।


ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਟੀਮ ਮੌਕੇ ’ਤੇ ਪੁੱਜੀ ਤੇ ਮਿ੍ਰਤਕ ਦੇਹਾਂ ਨੂੰ ਬਾਹਰ ਕੱਢਿਆ। ਇਸ ਦੇ ਨਾਲ ਹੀ ਪੁਲਿਸ ਵਲੋਂ ਮਾਮਲਾ ਦਰਜ ਕਰ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਜਦੋਂ ਕਾਰ ਭੰਜਰਾਰੂ ਤੋਂ ਸ਼ਵਾਹਾ ਵੱਲ ਵਧੀ ਤਾਂ ਪਧਰੀ ਨਾਮਕ ਥਾਂ ’ਤੇ ਹਾਦਸਾਗ੍ਰਸਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਥਾਂ ’ਤੇ ਇਕ ਖੜ੍ਹੀ ਚੜ੍ਹਾਈ ’ਤੇ ਇਕ ਸੜਕ ਹੈ। ਖੜ੍ਹੀ ਚੜ੍ਹਾਈ ’ਤੇ ਚੜ੍ਹਦੇ ਸਮੇਂ ਕਾਰ ਅੱਗੇ ਨਹੀਂ ਵਧ ਸਕੀ। ਜਿਸ ਕਾਰਨ ਕਾਰ ਤੇਜ਼ੀ ਨਾਲ ਪਿੱਛੇ ਵੱਲ ਵਧਣ ਲੱਗੀ। ਇਸ ਦੌਰਾਨ, ਡਰਾਈਵਰ ਦੇ ਕੁਝ ਕਰਨ ਤੋਂ ਪਹਿਲਾਂ, ਕਾਰ ਤੇਜ਼ੀ ਨਾਲ ਖੱਡ ਵਿਚ ਡਿੱਗ ਗਈ। ਉਸੇ ਸਮੇਂ, ਖੱਡ ਵਿਚ ਡਿੱਗਦੇ ਹੀ ਕਾਰ ਚਕਨਾਚੂਰ ਹੋ ਗਈ। ਕਾਰ ਡਿੱਗਦੀ ਦੇਖ ਕੇ ਸਥਾਨਕ ਲੋਕ ਮੌਕੇ ’ਤੇ ਪਹੁੰਚ ਗਏ ਅਤੇ ਪੁਲਿਸ ਨੂੰ ਵੀ ਇਸ ਬਾਰੇ ਸੂਚਿਤ ਕੀਤਾ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਪਰ ਖੱਡ ਡੂੰਘੀ ਹੋਣ ਕਾਰਨ ਸਾਰੇ ਕਾਰ ਸਵਾਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਿਸ ਤੋਂ ਬਾਅਦ ਪੁਲਿਸ ਅਤੇ ਸਥਾਨਕ ਲੋਕਾਂ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ। ਇਸ ਦੇ ਨਾਲ ਹੀ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਟੀਸਾ ਲਿਜਾਇਆ ਗਿਆ ਹੈ।

ਮ੍ਰਿਤਕਾਂ ਵਿਚ ਨਰੇਨ ਸਿੰਘ ਦਾ ਪੁੱਤਰ ਰਾਜੇਸ਼ ਕੁਮਾਰ (40), ਉਸ ਦੀ ਪਤਨੀ ਹੰਸੋ (36), ਧੀ ਆਰਤੀ (17) ਅਤੇ ਪੁੱਤਰ ਦੀਪਕ (15) ਸ਼ਾਮਿਲ ਹਨ ਤੇ ਸਾਰੇ ਬੁਲਵਾਸ ਜੰਗਰਾ ਦੇ ਵਸਨੀਕ ਦੱਸੇ ਜਾ ਰਹੇ ਹਨ। ਇਨ੍ਹਾਂ ਤੋਂ ਇਲਾਵਾ, ਰਾਕੇਸ਼ ਕੁਮਾਰ (44) ਪੁੱਤਰ ਹਰੀ ਸਿੰਘ ਨਿਵਾਸੀ ਬੁਲਵਾਸ ਅਤੇ ਡਰਾਈਵਰ ਹੇਮਪਾਲ (37) ਪੁੱਤਰ ਇੰਦਰ ਸਿੰਘ ਨਿਵਾਸੀ ਸਲਾਂਚਾ ਭੰਜਰਾਡੂ ਦੀ ਵੀ ਮੌਤ ਹੋ ਗਈ ਹੈ।

ਡਰਾਈਵਰ ਹੇਮਪਾਲ ਭਾਰਤੀ ਫੌਜ ਵਿਚ ਸੇਵਾ ਨਿਭਾਅ ਰਿਹਾ ਸੀ ਅਤੇ ਲਗਭਗ 15 ਦਿਨ ਪਹਿਲਾਂ ਛੁੱਟੀ ’ਤੇ ਘਰ ਆਇਆ ਸੀ। ਹਾਦਸੇ ਵਾਲੀ ਰਾਤ ਉਹ ਆਪਣੀ ਭੈਣ, ਭਰਜਾਈ ਅਤੇ ਭਤੀਜੇ-ਭਤੀਜੀ ਨੂੰ ਘਰ ਛੱਡਣ ਜਾ ਰਿਹਾ ਸੀ। ਰਸਤੇ ਵਿਚ, ਉਸੇ ਪਿੰਡ ਦੇ ਰਾਕੇਸ਼ ਕੁਮਾਰ ਨੇ ਉਸ ਤੋਂ ਲਿਫਟ ਲਈ। ਪਿੰਡ ਪਹੁੰਚਣ ਤੋਂ ਲਗਭਗ ਇਕ ਕਿਲੋਮੀਟਰ ਪਹਿਲਾਂ ਚੱਟਾਨ ਡਿੱਗਣ ਕਾਰਨ ਕਾਰ ਹਾਦਸਾਗ੍ਰਸਤ ਹੋ ਗਈ।

ਮ੍ਰਿਤਕ ਰਾਜੇਸ਼ ਕੁਮਾਰ ਬਨੀਖੇਤ ਦੇ ਇਕ ਸਰਕਾਰੀ ਸਕੂਲ ਵਿਚ ਅਧਿਆਪਕ ਸੀ। ਉਸ ਦੇ ਬੱਚੇ ਵੀ ਉੱਥੇ ਪੜ੍ਹ ਰਹੇ ਸਨ। ਰੱਖੜੀ ਦੇ ਤਿਉਹਾਰ ’ਤੇ ਸਕੂਲ ਦੀਆਂ ਛੁੱਟੀਆਂ ਕਾਰਨ ਪੂਰਾ ਪਰਿਵਾਰ ਘਰ ਵਾਪਸ ਆ ਰਿਹਾ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ