ਬੋਲੈਰੋ ਗੱਡੀ ਦੀ ਟੱਕਰ, ਮਲਟੀ-ਟਾਸਕ ਵਰਕਰ ਦੀ ਮੌਤ

ਮੰਡੀ, (ਹਿਮਾਚਲ), 8 ਅਗਸਤ (ਖੇਮਚੰਦ ਸ਼ਾਸਤਰੀ)- ਮੰਡੀ ਜ਼ਿਲ੍ਹੇ ਦੇ ਕੁਕਲਾ ਖੇਤਰ ਵਿਚ ਇਕ ਸੜਕ ਹਾਦਸੇ ਵਿਚ ਜਲ ਸ਼ਕਤੀ ਵਿਭਾਗ ਦੇ ਇਕ ਕਰਮਚਾਰੀ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਹਾਕਮ ਠਾਕੁਰ ਪੁੱਤਰ ਕਾਂਸ਼ੀਰਾਮ ਵਜੋਂ ਹੋਈ ਹੈ। ਉਹ ਗ੍ਰਾਮ ਪੰਚਾਇਤ ਕੁਕਲਾ ਦੇ ਪਿੰਡ ਫੰਡਰ ਦਾ ਰਹਿਣ ਵਾਲਾ ਸੀ।
ਜਾਣਕਾਰੀ ਅਨੁਸਾਰ ਹਾਕਮ ਠਾਕੁਰ ਜੇ.ਈ. ਸੈਕਸ਼ਨ ਕਲਹਾਨੀ ਵਿਚ ਜਲ ਸ਼ਕਤੀ ਵਿਭਾਗ ਵਿਚ ਮਲਟੀ-ਟਾਸਕ ਵਰਕਰ ਵਜੋਂ ਕੰਮ ਕਰ ਰਿਹਾ ਸੀ। ਉਹ ਸ਼ੁੱਕਰਵਾਰ ਸਵੇਰੇ ਆਪਣੇ ਦਫ਼ਤਰ ਲਈ ਘਰੋਂ ਨਿਕਲਿਆ ਸੀ। ਉਸ ਦੀ ਬੋਲੈਰੋ ਗੱਡੀ ਬਖਲੀ/ਕੁਕਲਾ ਨੇੜੇ ਪੀਪਲੂ ਧਾਰ ਕੈਂਚੀ ਵਿਖੇ ਹਾਦਸਾਗ੍ਰਸਤ ਹੋ ਗਈ।
ਹਾਦਸੇ ਸਮੇਂ ਹਾਕਮ ਇਕੱਲਾ ਹੀ ਗੱਡੀ ਚਲਾ ਰਿਹਾ ਸੀ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਗੱਡੀ ਮੋੜ ਰਿਹਾ ਸੀ। ਸੜਕ ਦਾ ਇਕ ਹਿੱਸਾ ਡਿੱਗ ਗਿਆ ਅਤੇ ਗੱਡੀ ਪਲਟ ਗਈ ਅਤੇ ਡੂੰਘੇ ਨਾਲੇ ਵਿਚ ਡਿੱਗ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੰਡੋਹ ਪੁਲਿਸ ਮੌਕੇ ’ਤੇ ਪਹੁੰਚ ਗਈ। ਐਸ.ਪੀ. ਮੰਡੀ ਸਾਕਸ਼ੀ ਵਰਮਾ ਨੇ ਦੱਸਿਆ ਕਿ ਪੁਲਿਸ ਨੇ ਇਸ ਸੰਬੰਧ ਵਿਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦਾ ਪੋਸਟਮਾਰਟਮ ਜ਼ੋਨਲ ਹਸਪਤਾਲ ਮੰਡੀ ਵਿਚ ਕੀਤਾ ਜਾ ਰਿਹਾ ਹੈ। ਕੁੱਕਲਾ ਪੰਚਾਇਤ ਦੇ ਉਪ ਪ੍ਰਧਾਨ ਰਾਮ ਨੇ ਦੱਸਿਆ ਕਿ ਇਸ ਹਾਦਸੇ ਕਾਰਨ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਹਾਕਮ ਆਪਣੇ ਪਿੱਛੇ ਆਪਣੀ 3 ਸਾਲ ਦੀ ਧੀ, ਪਤਨੀ ਅਤੇ ਮਾਤਾ-ਪਿਤਾ ਛੱਡ ਗਿਆ ਹੈ।