ਰੱਖੜੀ ਬੰਨ੍ਹਣ ਜਾ ਰਹੀ ਬਜ਼ੁਰਗ ਔਰਤ ਡਡਵਿੰਡੀ ਅੱਡੇ ’ਤੇ ਬੱਸ ਥੱਲੇ ਆਈ

ਡਡਵਿੰਡੀ, (ਕਪੂਰਥਲਾ), 8 ਅਗਸਤ (ਦਿਲਬਾਗ ਸਿੰਘ ਝੰਡ)- ਅੱਜ ਸਵੇਰੇ ਆਪਣੇ ਭਰਾ ਦੇ ਰੱਖੜੀ ਬੰਨ੍ਹਣ ਜਾ ਰਹੀ ਇਕ ਬਜ਼ੁਰਗ ਔਰਤ ਡਡਵਿੰਡੀ ਅੱਡੇ ’ਤੇ ਬੱਸ ’ਤੇ ਚੜਨ ਲੱਗਿਆਂ ਪੈਰ ਤਿਲਕਣ ਨਾਲ ਡਿੱਗ ਕੇ ਬੱਸ ਥੱਲੇ ਆ ਗਈ ਅਤੇ ਸਰਕਾਰੀ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਕ੍ਰਿਸ਼ਨ ਕੌਰ ਪਤਨੀ ਸਵਰਨ ਸਿੰਘ ਵਾਸੀ ਸੇਚਾਂ ਹਾਲ ਵਾਸੀ ਪਿੰਡ ਮੋਠਾਂਵਾਲ ਅੱਜ ਆਪਣੇ ਭਰਾ ਦੇ ਰੱਖੜੀ ਬੰਨਣ ਦੇ ਲਈ ਕਪੂਰਥਲਾ ਦੇ ਪਿੰਡ ਬੂਟਾਂ ਜਾਣਾ ਚਾਹੁੰਦੀ ਸੀ, ਜਿਸ ਨੂੰ ਉਸ ਦਾ ਦੋਹਤਾ ਬਸ ਅੱਡਾ ਡਡਵਿੰਡੀ ਵਿਖੇ ਛੱਡ ਗਿਆ। ਜਿਉਂ ਹੀ ਉਹ ਬੱਸ ਚਾੜਨ ਲੱਗੀ ਤਾਂ ਭੀੜ ਜ਼ਿਆਦਾ ਹੋਣ ਕਾਰਨ ਅਚਾਨਕ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਹੇਠਾਂ ਡਿੱਗ ਪਈ। ਜਿਸ ਦੌਰਾਨ ਬੱਸ ਦੇ ਮਗਰਲੇ ਟਾਇਰ ਉਸ ਦੀ ਲੱਤ ਉਪਰੋਂ ਲੰਘ ਗਏ ਅਤੇ ਲੱਤ ਉੱਤੇ ਗੰਭੀਰ ਸੱਟ ਲੱਗ ਗਈ। ਰਾਹਗੀਰਾਂ ਅਤੇ ਮੌਕੇ ’ਤੇ ਪਹੁੰਚੀ ਪੁਲਿਸ ਪਾਰਟੀ ਦੇ ਜਵਾਨਾਂ ਵਲੋਂ ਉਸ ਨੂੰ ਚੱਕ ਕੇ ਸਰਕਾਰੀ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਇਲਾਜ ਲਈ ਪਹੁੰਚਾਇਆ ਗਿਆ, ਜਿਥੇ ਜ਼ਖ਼ਮਾਂ ਦਾ ਤਾਬ ਨਾ ਸਹਾਰਦਿਆਂ ਹੋਇਆਂ ਇਲਾਜ ਦੌਰਾਨ ਬਜ਼ੁਰਗ ਔਰਤ ਨੇ ਦਮ ਤੋੜ ਦਿੱਤਾ।
ਦੂਜੇ ਪਾਸੇ ਪਰਿਵਾਰਕ ਮੈਂਬਰਾਂ ਵਲੋਂ ਬਸ ਚਾਲਕ ਦੇ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਨਾਂ ਦੀ ਮਾਤਾ ਬਿਲਕੁਲ ਠੀਕ ਠਾਕ ਸੀ ਅਤੇ ਬੱਸ ’ਚ ਚੜਨ ਲੱਗਿਆਂ ਡਰਾਈਵਰ ਅਤੇ ਕੰਡਕਟਰ ਦੀ ਅਣ-ਗਹਿਲੀ ਕਾਰਨ ਉਸ ਨਾਲ ਹਾਦਸਾ ਵਾਪਰਿਆ ਹੈ। ਉਨ੍ਹਾਂ ਮੰਗ ਕੀਤੀ ਕਿ ਆਪਣੀ ਡਿਊਟੀ ’ਚ ਅਣਗਹਿਲੀ ਵਰਤਣ ਵਾਲਿਆਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਉਧਰ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆ ਚੁੱਕਾ ਹੈ। ਬਜ਼ੁਰਗ ਮਹਿਲਾ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਮਗਰੋਂ ਜਲਦ ਹੀ ਪਰਿਵਾਰ ਦੇ ਬਿਆਨ ਹਾਸਲ ਕਰਕੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।