ਦਲ ਖਾਲਸਾ ਅਤੇ ਅਕਾਲੀ ਦਲ (ਅ) ਵਲੋਂ 15 ਅਗਸਤ ਨੂੰ ਭਾਰਤ ਦੇ ਆਜ਼ਾਦੀ ਦਿਵਸ ਸਮਾਗਮਾਂ ਦੇ ਬਾਈਕਾਟ ਦਾ ਸੱਦਾ

ਅੰਮ੍ਰਿਤਸਰ, 8 ਅਗਸਤ (ਜਸਵੰਤ ਸਿੰਘ ਜੱਸ)- ਸਿੱਖ ਜਥੇਬੰਦੀ ਦਲ ਖਾਲਸਾ ਅਤੇ ਅਕਾਲੀ ਦਲ ਅੰਮ੍ਰਿਤਸਰ ਵਲੋਂ ਸਮੂਹ ਪੰਜਾਬੀਆਂ ਖਾਸ ਕਰ ਸਿੱਖਾਂ ਨੂੰ 15 ਅਗਸਤ ਦੇ ਭਾਰਤ ਦੇ ਆਜ਼ਾਦੀ ਦਿਵਸ ਸਮਾਗਮਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਗਿਆ ਹੈ। ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਦਲ ਖਾਲਸਾ ਦੇ ਸਕੱਤਰ ਜਨਰਲਾਲ ਸਿੰਘ ਬਿੱਟੂ ਨੇ ਕਿਹਾ ਕਿ ਆਜ਼ਾਦੀ ਤੋਂ ਲੈ ਕੇ ਭਾਰਤ ਵਿਚ ਹੁਣ ਤੱਕ ਦੇ 78 ਸਾਲ ਸਿੱਖਾਂ ਦੇ ਬੇ-ਇਨਸਾਫੀ, ਜਲਾਲਤ ਅਤੇ ਗੁਲਾਮੀ ਦੇ ਸਾਲ ਹਨ।
ਉਨ੍ਹਾਂ ਕਿਹਾ ਕਿ 15 ਅਗਸਤ ਪੰਜਾਬ ਲਈ ਕਾਲਾ ਦਿਨ ਹੈ। ਉਹਨਾਂ ਦੱਸਿਆ ਕਿ ਆਜ਼ਾਦੀ ਦਿਵਸ ਦੇ ਵਿਰੋਧ ਵਿਚ ਦੋਵਾਂ ਸੰਸਥਾਵਾਂ ਵਲੋਂ ਜਲੰਧਰ ਪਟਿਆਲਾ ਅਤੇ ਫਿਰੋਜ਼ਪੁਰ ਵਿਚ 14 ਅਗਸਤ ਨੂੰ ਆਜ਼ਾਦੀ ਦਿਵਸ ਦੇ ਵਿਰੋਧ ਵਿਚ ਰੋਸ ਮਾਰਚ ਕੱਢੇ ਜਾਣਗੇ। ਸਿਮਰਨਜੀਤ ਸਿੰਘ ਮਾਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਸੰਨ 1947 ਦੀ ਦੇਸ਼ ਵੰਡ ਵੇਲੇ ਸਿੱਖ ਲੀਡਰਸ਼ਿਪ ਹਿੰਦੂਤਵਾ ਦੇ ਪ੍ਰਭਾਵ ਵਿਚ ਸੀ, ਇਸ ਲਈ ਉਹ ਸਿੱਖਾਂ ਦੇ ਹੱਕ ਵਿਚ ਯੋਗ ਫੈਸਲੇ ਨਹੀਂ ਲਈ ਸਕੇ।