ਚੰਡੀਗੜ੍ਹ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੇ ਮਾਮਲਿਆਂ ਵਿਚ ਨਾਮਜ਼ਦ ਮੁਲਜ਼ਮਾਂ ਦੀ 5.19 ਕਰੋੜ ਦੀਆਂ ਜਾਇਦਾਦਾਂ ਨੂੰ ਕੀਤਾ ਜ਼ਬਤ

ਚੰਡੀਗੜ੍ਹ, 8 ਅਗਸਤ (ਕਪਿਲ ਵਧਵਾ)- ਚੰਡੀਗੜ੍ਹ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋ ਵਿਆਪਕ ਮਾਮਲਿਆਂ ਵਿਚ ਐਨ. ਡੀ. ਪੀ. ਐੱਸ. ਐਕਟ ਦੀ ਧਾਰਾ 68 ਐੱਫ(1) ਦੇ ਤਹਿਤ 5.19 ਕਰੋੜ ਦੀਆਂ ਜਾਇਦਾਦਾਂ ਨੂੰ ਫ਼ਰੀਜ਼ ਕੀਤਾ ਹੈ। ਇਸ ਕਾਰਵਾਈ ਸੰਬੰਧੀ ਗੱਲਬਾਤ ਕਰਦਿਆਂ ਐੱਸ. ਪੀ. ਕ੍ਰਾਈਮ ਜਸਬੀਰ ਸਿੰਘ ਨੇ ਦੱਸਿਆ ਕਿ ਸਾਲ 2023 ਵਿਚ ਥਾਣਾ ਸੈਕਟਰ-34 ਵਿਖੇ ਦਰਜ ਐੱਫ. ਆਈ. ਆਰ. ਨੰਬਰ 115 ਵਿਚ, ਲੁਧਿਆਣਾ ਸਥਿਤ 4.25 ਕਰੋੜ ਰੁਪਏ ਦੀ ਕੀਮਤ ਦੇ ਇਕ ਬੂਥ, ਇਕ ਘਰ ਅਤੇ ਇਕ ਪਲਾਟ ਸਮੇਤ 78.6 ਲੱਖ ਰੁਪਏ ਦੀ ਡਰੱਗ ਮਨੀ (ਚੱਲ ਜਾਇਦਾਦ) ਨੂੰ ਫ਼੍ਰੀਜ਼ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਉਕਤ ਮਾਮਲੇ ਵਿਚ ਸੱਤ ਮੁਲਜ਼ਮਾਂ ਨੂੰ ਐਮਫੇਟਾਮਾਈਨ, ਹੈਰੋਇਨ ਅਤੇ ਇਕ ਪਿਸਤੌਲ ਜ਼ਬਤ ਕਰਨ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਸਾਲ 2025 ਵਿਚ ਥਾਣਾ ਕ੍ਰਾਈਮ ਵਿਖੇ ਦਰਜ ਐੱਫ. ਆਈ. ਆਰ. ਨੰਬਰ 3 ਵਿਚ ਪੁਲਿਸ ਨੇ 5.11 ਲੱਖ ਰੁਪਏ ਦੀ ਨਕਦੀ ਅਤੇ 11 ਲੱਖ ਰੁਪਏ ਦੀ ਕੀਮਤ ਦੀਆਂ ਦੋ ਅਰਟਿਗਾ ਕਾਰਾਂ ਜ਼ਬਤ ਕੀਤੀਆਂ ਸਨ। ਉਨ੍ਹਾਂ ਦੱਸਿਆ ਕਿ ਉਕਤ ਮਾਮਲੇ ਵਿਚ ਨੌ ਦੋਸ਼ੀਆਂ ਨੂੰ 312.41 ਗ੍ਰਾਮ ਹੈਰੋਇਨ ਦੇ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਹ ਫ਼੍ਰਜ਼ਿੰਗ ਹੁਕਮ ਪੁਸ਼ਟੀ ਲਈ ਦਿੱਲੀ ਵਿਚ ਸਫੇਮਾ ਅਤੇ ਐਨ. ਡੀ. ਪੀ. ਐੱਸ. ਅਧਿਕਾਰੀਆਂ ਨੂੰ ਭੇਜੇ ਗਏ ਹਨ। ਚੰਡੀਗੜ੍ਹ ਪੁਲਿਸ ਵਲੋਂ ਡਰੱਗ ਨੈਟਵਰਕ ਦੇ ਵਿੱਤੀ ਸੰਸਾਧਨਾਂ ਵਿਰੁੱਧ ਕੀਤੀ ਗਈ ਕਾਰਵਾਈ ਵਿਚ ਇਸ ਸਾਲ ਕਰੀਬ 9 ਕਰੋੜ ਦੀਆਂ ਜਾਇਦਾਦਾਂ ਨੂੰ ਜ਼ਬਤ ਕੀਤਾ ਗਿਆ ਹੈ।