JALANDHAR WEATHER

ਉੱਤਰਕਾਸ਼ੀ ਹਾਦਸਾ: ਕੇਂਦਰ ਦੀ ਅੰਤਰ-ਮੰਤਰਾਲਾ ਟੀਮ ਅਗਲੇ ਹਫ਼ਤੇ ਆਫ਼ਤ ਪ੍ਰਭਾਵਿਤ ਇਲਾਕਿਆਂ ਦਾ ਕਰੇਗੀ ਦੌਰਾ

ਦੇਹਰਾਦੂਨ, 8 ਅਗਸਤ- ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਅੱਜ ਦੂਜੇ ਦਿਨ ਵੀ ਆਫ਼ਤ ਪ੍ਰਭਾਵਿਤ ਧਾਰਲੀ ਅਤੇ ਸਾਂਜੀ ਇਲਾਕਿਆਂ ਵਿਚ ਜ਼ਮੀਨੀ ਪੱਧਰ ’ਤੇ ਡਟੇ ਰਹੇ। ਉਨ੍ਹਾਂ ਆਫ਼ਤ ਪ੍ਰਭਾਵਿਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਤੇ ਸਰਕਾਰ ਵਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਬਚਾਅ ਕਾਰਜ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਪ੍ਰਭਾਵਿਤ ਖੇਤਰਾਂ ਵਿਚ ਫਸੇ ਹਰ ਵਿਅਕਤੀ ਨੂੰ ਬਾਹਰ ਨਹੀਂ ਕੱਢ ਲਿਆ ਜਾਂਦਾ। ਇਸ ਦੌਰਾਨ, ਉਨ੍ਹਾਂ ਬਚਾਅ ਅਤੇ ਰਾਹਤ ਕਾਰਜਾਂ ਦੀ ਵੀ ਨਿਗਰਾਨੀ ਕੀਤੀ ਅਤੇ ਅਧਿਕਾਰੀਆਂ ਤੋਂ ਜਾਣਕਾਰੀ ਲੈਂਦੇ ਰਹੇ। ਕੇਂਦਰ ਦੀ ਅੰਤਰ-ਮੰਤਰਾਲਾ ਟੀਮ ਅਗਲੇ ਹਫ਼ਤੇ ਆਫ਼ਤ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰੇਗੀ। ਇਸ ਟੀਮ ਵਿਚ ਵੱਖ-ਵੱਖ ਮੰਤਰਾਲਿਆਂ ਦੇ ਮਾਹਰ ਨੁਕਸਾਨ ਦਾ ਜਾਇਜ਼ਾ ਲੈਣ ਦੇ ਨਾਲ-ਨਾਲ ਬਚਾਅ ਅਤੇ ਰਾਹਤ ਕਾਰਜਾਂ ਲਈ ਰਣਨੀਤੀ ਤਿਆਰ ਕਰਨਗੇ।

ਇਸ ਤੋਂ ਇਲਾਵਾ ਫੌਜ ਅਤੇ ਰਾਜ ਦੀ ਇਕ ਸਾਂਝੀ ਟੀਮ ਭਾਗੀਰਥੀ ਵਿਚ ਬਣ ਰਹੀ ਝੀਲ ਤੋਂ ਪਾਣੀ ਦੇ ਨਿਕਾਸ ਦੀ ਨਿਗਰਾਨੀ ਕਰੇਗੀ। ਵੀਰਵਾਰ ਨੂੰ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ ਨੇ ਰਾਜ ਦੇ ਅਧਿਕਾਰੀਆਂ ਨਾਲ ਧਾਰਲੀ ਆਫ਼ਤ ਵਿਚ ਬਚਾਅ ਅਤੇ ਰਾਹਤ ਕਾਰਜਾਂ ਦੀ ਸਮੀਖਿਆ ਕੀਤੀ। ਅਥਾਰਟੀ ਦੇ ਮੁਖੀ ਰਾਜੇਂਦਰ ਸਿੰਘ ਨੇ ਕਿਹਾ ਕਿ ਐਨ.ਡੀ.ਐਮ.ਏ. ਦੁਆਰਾ ਬਚਾਅ ਕਾਰਜ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਤੇ ਐਨ.ਡੀ.ਐਮ.ਏ. ਪੱਧਰ ਤੋਂ ਜੋ ਵੀ ਸਹਾਇਤਾ ਦੀ ਲੋੜ ਹੈ, ਉਹ ਤੁਰੰਤ ਪ੍ਰਦਾਨ ਕੀਤੀ ਜਾਵੇਗੀ।

ਧਾਰਲੀ ਵਿਚ ਪੁਨਰ ਨਿਰਮਾਣ ਕਾਰਜਾਂ ਲਈ ਕੇਂਦਰ ਸਰਕਾਰ ਦੇ ਪੱਧਰ ਤੋਂ ਹਰ ਸੰਭਵ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਟੀਮ ਅਗਲੇ ਹਫ਼ਤੇ ਨੁਕਸਾਨ ਦੇ ਸ਼ੁਰੂਆਤੀ ਮੁਲਾਂਕਣ ਲਈ ਆਫ਼ਤ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰੇਗੀ। ਇਸਰੋ ਦੀ ਸੈਟੇਲਾਈਟ ਤਸਵੀਰ ਨੇ ਵੀ ਉੱਤਰਕਾਸ਼ੀ ਵਿਚ ਹੋਈ ਤਬਾਹੀ ਨੂੰ ਦਰਸਾਇਆ ਹੈ। ਇਸ ਦੌਰਾਨ ਤਸਵੀਰਾਂ ਵਿਚ 20 ਹੈਕਟੇਅਰ ਦੇ ਖੇਤਰ ਵਿਚ ਮਲਬਾ ਫੈਲਿਆ ਹੋਇਆ ਦਿਖਾਇਆ ਗਿਆ ਹੈ। ਨਦੀ ਦਾ ਰਸਤਾ ਪੂਰੀ ਤਰ੍ਹਾਂ ਬਦਲ ਗਿਆ ਹੈ। ਬਹੁਤ ਸਾਰੀਆਂ ਇਮਾਰਤਾਂ ਡੁੱਬ ਗਈਆਂ ਹਨ ਅਤੇ ਕੁਝ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਹਨ। ਤਸਵੀਰਾਂ ਵਿਚ ਧਾਰਲੀ ਪਿੰਡ ਦੀ ਤਬਾਹੀ ਸਾਫ਼ ਦਿਖਾਈ ਦੇ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ