ਪਿਛਲੇ ਕਈ ਦਿਨਾਂ ਤੋਂ ਸੜਕਾਂ ’ਤੇ ਖੜ੍ਹੇ ਸੀਵਰੇਜ ਦੇ ਗੰਦੇ ਪਾਣੀ ਤੋਂ ਦੁਖੀ ਲੋਕਾਂ ਨੇ ਮੁੜ ਪ੍ਰਸ਼ਾਸਨ ਖਿਲਾਫ਼ ਲਾਇਆ ਧਰਨਾ

ਬਰਨਾਲਾ, 8 ਅਗਸਤ (ਗੁਰਪ੍ਰੀਤ ਸਿੰਘ ਲਾਡੀ)- ਸ਼ਹਿਰ ਬਰਨਾਲਾ ਦੇ ਵਾਰਡ ਨੰ. 5 ਸਥਿਤ ਆਵਾ ਬਸਤੀ ਵਿਖੇ ਪਿਛਲੇ ਕਈ ਦਿਨਾਂ ਤੋਂ ਸੜਕਾਂ ਉਪਰ ਖੜੇ ਸੀਵਰੇਜ ਦੇ ਗੰਦੇ ਪਾਣੀ ਤੋਂ ਦੁਖੀ ਲੋਕਾਂ ਵਲੋਂ ਡੇਰਾ ਬਾਬਾ ਗਾਂਧਾ ਸਿੰਘ ਤੋਂ ਸੰਘੇੜਾ ਚੌਂਕ ਤੱਕ ਮੁੱਖ ਸੜਕ ਜਾਮ ਕਰ ਕੇ ਪ੍ਰਸ਼ਾਸਨ ਖਿਲਾਫ਼ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ ਗਈ। ਸੀਨੀਅਨ ਅਕਾਲੀ ਆਗੂ ਤੇਜਿੰਦਰ ਸਿੰਘ ਸੋਨੀ ਜਾਗਲ ਨੇ ਦੱਸਿਆ ਕਿ ਡੇਢ ਕੁ ਮਹੀਨਾ ਪਹਿਲਾਂ ਵੀ ਆਵਾ ਬਸਤੀ ਵਿਚ ਇਹ ਸਮੱਸਿਆ ਆਈ ਸੀ। ਉਸ ਸਮੇਂ ਪ੍ਰਸ਼ਾਸਨ ਵਲੋਂ ਖਾਨਾਪੂਰਤੀ ਲਈ ਸਫ਼ਾਈ ਕਰਵਾ ਦਿੱਤੀ ਗਈ ਸੀ ਪਰ ਇਸ ਦਾ ਪੱਕਾ ਹੱਲ ਨਹੀਂ ਕੀਤਾ ਗਿਆ।
ਜਿਸ ਕਾਰਨ ਹੁਣ ਮੁੜ ਕਈ ਦਿਨਾਂ ਤੋਂ ਨਿਕਾਸੀ ਨਾ ਹੋਣ ਕਾਰਨ ਸੜਕਾਂ ਉਪਰ ਸੀਵਰੇਜ ਦਾ ਗੰਦਾ ਪਾਣੀ ਖੜ ਗਿਆ ਅਤੇ ਬਸਤੀ ਵਿਚ ਰਹਿਣ ਵਾਲੇ ਸੈਂਕੜੇ ਘਰਾਂ ਦੇ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਬਾਰੇ ਉਹ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਕਈ ਵਾਰ ਕਹਿ ਚੁੱਕੇ ਹਨ ਪਰ ਕੋਈ ਸੁਣਵਾਈ ਨਹੀਂ ਹੋਈ ਅਤੇ ਬਸਤੀ ਵਿਚ ਭਿਆਨਕ ਬਿਮਾਰੀ ਫੈਲਣ ਦਾ ਡਰ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ ਜਿੰਨਾ ਚਿਰ ਪ੍ਰਸ਼ਾਸਨ ਵਲੋਂ ਸਮੱਸਿਆ ਦਾ ਪੱਕਾ ਹੱਲ ਨਹੀਂ ਕੀਤਾ ਜਾਂਦਾ, ਉਨਾਂ ਚਿਰ ਸੜਕ ਜਾਮ ਰੱਖੀ ਜਾਵੇਗੀ।