ਜੰਮੂ: ਕੱਚਾ ਘਰ ਡਿੱਗਣ ਕਾਰਨ ਮਾਂ ਅਤੇ ਧੀ ਦੀ ਮੌਤ

ਸੁਦਰਬਨੀ, (ਸ੍ਰੀਨਗਰ), 3 ਸਤੰਬਰ (ਰਵੀ ਸ਼ਰਮਾ)- ਭਾਰੀ ਬਾਰਿਸ਼ ਕਾਰਨ ਰਾਜੌਰੀ ਜ਼ਿਲ੍ਹੇ ਦੇ ਸੁਦਰਬਨੀ ਵਿਖੇ ਕਾਂਗਰੀ ਇਲਾਕੇ ਵਿਚ ਇਕ ਦੁਖਦਾਈ ਘਟਨਾ ਵਾਪਰੀ, ਜਿਥੇ ਇਕ ਕੱਚਾ ਘਰ ਡਿੱਗਣ ਕਾਰਨ ਮਾਂ ਅਤੇ ਧੀ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਸਥਾਨਕ ਲੋਕਾਂ ਅਨੁਸਾਰ ਸੋਮਵਾਰ ਦੇਰ ਰਾਤ ਘਰ ਅਚਾਨਕ ਢਹਿ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਨੇੜਲੇ ਪਿੰਡ ਵਾਸੀਆਂ ਨੇ ਭਾਰਤੀ ਫੌਜ ਦੇ ਜਵਾਨਾਂ ਨਾਲ ਮਿਲ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਕਾਫ਼ੀ ਮਿਹਨਤ ਤੋਂ ਬਾਅਦ ਦੋਵਾਂ ਨੂੰ ਮਲਬੇ ਵਿਚੋਂ ਬਾਹਰ ਕੱਢਿਆ ਗਿਆ, ਪਰ ਉਦੋਂ ਤੱਕ ਦੋਵਾਂ ਦੀ ਮੌਤ ਹੋ ਚੁੱਕੀ ਸੀ।
ਪੁਲਿਸ ਨੇ ਦੋਵਾਂ ਲਾਸ਼ਾਂ ਨੂੰ ਬਰਾਮਦ ਕਰਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪ੍ਰਸ਼ਾਸਨ ਨੇ ਮ੍ਰਿਤਕਾਂ ਦੇ ਪਰਿਵਾਰ ਨਾਲ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਹੈ ਅਤੇ ਪ੍ਰਭਾਵਿਤ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।
ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਇਲਾਕੇ ਵਿਚ ਜਨਜੀਵਨ ਅਸਥਿਰ ਹੈ ਅਤੇ ਕਈ ਥਾਵਾਂ ’ਤੋਂ ਘਰਾਂ ਅਤੇ ਢਾਂਚਿਆਂ ਨੂੰ ਨੁਕਸਾਨ ਪਹੁੰਚਣ ਦੀਆਂ ਰਿਪੋਰਟਾਂ ਆ ਰਹੀਆਂ ਹਨ।