ਅੰਮ੍ਰਿਤਸਰ ਪੁਲਿਸ ਵਲੋਂ ਸਰਹੱਦ ਪਾਰ ਤਸਕਰੀ ਕਰਨ ਵਾਲਾ ਗਰੋਹ ਕਾਬੂ

ਚੰਡੀਗੜ੍ਹ, 4 ਸਤੰਬਰ- ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਖੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਇਕ ਵੱਡੀ ਕਾਰਵਾਈ ਕਰਦੇ ਹੋਏ ਸਰਹੱਦ ਪਾਰ ਤਸਕਰੀ ਕਰਨ ਵਾਲੇ ਗਰੋਹ ਨੂੰ ਗ੍ਰਿਫ਼ਤਾਰ ਕੀਤਾ ਹੈ। ਪਾਕਿਸਤਾਨ ਨਾਲ ਜੁੜੇ ਇਸ ਤਸਕਰੀ ਗਰੋਹ ਤੋਂ ਨਸ਼ੀਲੇ ਪਦਾਰਥ, ਹਥਿਆਰ ਅਤੇ ਡਰੱਗ ਮਨੀ ਵੀ ਜ਼ਬਤ ਕੀਤੀ ਗਈ ਹੈ।
ਡੀ.ਜੀ.ਪੀ. ਗੌਰਵ ਯਾਦਵ ਦੇ ਅਨੁਸਾਰ, ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੇ ਨਾਮ ਹਰਪ੍ਰੀਤ ਸਿੰਘ, ਗੁਰਪਾਲ ਸਿੰਘ ਅਤੇ ਰਣਜੋਧ ਸਿੰਘ ਹਨ। ਹਰਪ੍ਰੀਤ ਅਤੇ ਗੁਰਪਾਲ ਪਹਿਲਾਂ ਵੀ ਮਲੇਸ਼ੀਆ ਗਏ ਸਨ ਅਤੇ ਉਥੋਂ ਉਨ੍ਹਾਂ ਦਾ ਪਾਕਿਸਤਾਨੀ ਤਸਕਰਾਂ ਨਾਲ ਸੰਪਰਕ ਹੋਇਆ ਸੀ। ਉਨ੍ਹਾਂ ਦੀ ਜਾਣਕਾਰੀ ’ਤੇ, ਪੁਲਿਸ ਨੇ 2.02 ਕਿਲੋਗ੍ਰਾਮ ਹੈਰੋਇਨ ਅਤੇ .30 ਬੋਰ ਦੇ 2 ਪਿਸਤੌਲ ਬਰਾਮਦ ਕੀਤੇ ਹਨ।
ਇਸ ਦੇ ਨਾਲ ਹੀ ਰਣਜੋਧ ਸਿੰਘ ਤੋਂ ਦੋ ਹੋਰ ਪਿਸਤੌਲ (ਇਕ ਗਲੋਕ 9 ਐਮ.ਐਮ. ਸਮੇਤ) ਅਤੇ 3.5 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਇਹ ਰਕਮ ਹਵਾਲਾ ਚੈਨਲ ਰਾਹੀਂ ਬਾਹਰ ਭੇਜੀ ਜਾਣੀ ਸੀ।
ਪੁਲਿਸ ਨੇ ਦੱਸਿਆ ਕਿ ਇਹ ਗਰੋਹ ਪੰਜਾਬ ਦੇ ਸਰਹੱਦੀ ਇਲਾਕਿਆਂ ਵਿਚ ਸਰਗਰਮ ਸੀ ਅਤੇ ਲਗਾਤਾਰ ਪਾਕਿਸਤਾਨ ਤੋਂ ਨਸ਼ੀਲੇ ਪਦਾਰਥ ਅਤੇ ਹਥਿਆਰ ਮੰਗਵਾ ਕੇ ਪੰਜਾਬ ਵਿਚ ਸਪਲਾਈ ਕਰਦਾ ਸੀ। ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਗਰੋਹ ਦੇ ਕਈ ਹੋਰ ਮੈਂਬਰ ਵੀ ਇਸ ਨੈੱਟਵਰਕ ਨਾਲ ਜੁੜੇ ਹੋਏ ਹਨ।
ਇਸ ਮਾਮਲੇ ਵਿਚ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੋਰ ਜਾਂਚ ਵਿਚ ਪੂਰੇ ਨੈੱਟਵਰਕ ਦਾ ਖੁਲਾਸਾ ਹੋਵੇਗਾ ਅਤੇ ਪਾਕਿਸਤਾਨ ਨਾਲ ਸੰਬੰਧਾਂ ਦੀ ਵੀ ਜਾਂਚ ਕੀਤੀ ਜਾਵੇਗੀ। ਜਲਦੀ ਹੀ ਇਸ ਮਾਮਲੇ ਵਿਚ ਕੁਝ ਹੋਰ ਗ੍ਰਿਫ਼ਤਾਰੀਆਂ ਵੀ ਹੋ ਸਕਦੀਆਂ ਹਨ।