JALANDHAR WEATHER

ਡੇਰਾਬਸੀ ਦੀ ਭਾਂਖਰਪੁਰ ਗੁਰੂ ਨਾਨਕ ਕਲੋਨੀ ਵਿਚ ਘਰ ’ਚ ਵੜ ਕੇ ਮਾਰੀ ਗੋਲੀ

ਡੇਰਾਬੱਸੀ, 22 ਸਤੰਬਰ (ਰਣਬੀਰ ਸਿੰਘ ਪੜੀ)- ਡੇਰਾਬੱਸੀ ਨਜ਼ਦੀਕੀ ਪਿੰਡ ਭਾਂਖਰਪੁਰ ਦੀ ਗੁਰੂ ਨਾਨਕ ਨਗਰ ਕਾਲੋਨੀ ਵਿਚ ਐਤਵਾਰ ਰਾਤ ਇਕ ਛੋਟੀ ਗੱਲ ’ਤੇ ਗੁਆਂਢੀਆਂ ਵਿਚਾਲੇ ਹੋਇਆ ਝਗੜਾ ਖੂਨੀ ਰੂਪ ਧਾਰਨ ਕਰ ਗਿਆ। ਕਾਰ ਦਾ ਹਾਰਨ ਵਜਾਉਣ ਨੂੰ ਲੈ ਕੇ ਹੋਏ ਵਿਵਾਦ ਨੇ ਗੋਲੀਕਾਂਡ ਦਾ ਰੂਪ ਧਾਰਿਆ, ਜਿਸ ਵਿਚ 34 ਸਾਲਾ ਜਤਿੰਦਰ ਗੁਪਤਾ ਗੰਭੀਰ ਜਖ਼ਮੀ ਹੋ ਗਿਆ। ਪਹਿਲਾਂ ਉਸ ਨੂੰ ਡੇਰਾਬੱਸੀ ਸਿਵਲ ਹਸਪਤਾਲ ਲਿਆਂਦਾ ਗਿਆ, ਪਰ ਗੰਭੀਰ ਹਾਲਤ ਦੇ ਕਾਰਨ ਡਾਕਟਰਾਂ ਨੇ ਉਸ ਨੂੰ ਪੀ.ਜੀ.ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ।


ਪ੍ਰਾਪਤ ਜਾਣਕਾਰੀ ਅਨੁਸਾਰ ਦੋ ਦਿਨ ਪਹਿਲਾਂ ਵੀ ਜਤਿੰਦਰ ਨੇ ਆਪਣੇ ਗੁਆਂਢੀਆਂ ਨੂੰ ਰਾਤ ਦੇ ਸਮੇਂ ਉੱਚੀ ਆਵਾਜ਼ ਵਿਚ ਹਾਰਨ ਵਜਾਉਣ ’ਤੇ ਵਿਰੋਧ ਕੀਤਾ ਸੀ, ਕਿਉਂਕਿ ਘਰ ਦੇ ਬੱਚਿਆਂ ਦੇ ਪੇਪਰ ਚੱਲ ਰਹੇ ਸਨ। ਇਸ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਸੀ। ਐਤਵਾਰ ਰਾਤ ਲਗਭਗ 11:15 ਵਜੇ ਗੁਆਂਢੀਆਂ ਨੇ ਆਪਣੇ ਸਾਥੀਆਂ ਨੂੰ ਸਕਾਰਪਿਓ ਗੱਡੀ ’ਚ ਬੁਲਾਇਆ ਅਤੇ ਮਾਮੂਲੀ ਗੱਲਬਾਤ ਮਗਰੋਂ ਬਹਿਸ ਦੌਰਾਨ ਮਾਮਲਾ ਗੰਭੀਰ ਹੋ ਗਿਆ। ਚਾਰ ਹਥਿਆਰਬੰਦ ਲੋਕ ਘਰ ਵਿਚ ਘੁਸੇ ਅਤੇ ਇਕ ਨੇ ਫਾਇਰਿੰਗ ਕਰ ਦਿੱਤੀ।ਗੋਲੀ ਜਤਿੰਦਰ ਦੇ ਢਿੱਡ ਵਿਚ ਲੱਗੀ ਹਾਲਾਂਕਿ ਉਹ ਆਪਣੇ ਆਪ ਨੂੰ ਬਚਾਉਣ ਲਈ ਪੌੜੀਆਂ ਚੜ੍ਹ ਕੇ ਪਹਿਲੀ ਮੰਜ਼ਿਲ ਵੱਲ ਭੱਜਿਆ। ਗੋਲੀ ਮਾਰ ਕੇ ਹਮਲਾਵਰ ਮੌਕੇ ’ਤੋਂ ਫਰਾਰ ਹੋ ਗਏ।


ਜਤਿੰਦਰ ਦੇ ਪਰਿਵਾਰ ਨੇ ਉਸ ਨੂੰ ਬਾਈਕ ’ਤੇ ਬਿਠਾ ਕੇ ਤੁਰੰਤ ਸਿਵਲ ਹਸਪਤਾਲ ਡੇਰਾਬੱਸੀ ਲਿਆਂਦਾ, ਜਿਥੋਂ ਉਸ ਨੂੰ ਪੀ.ਜੀ.ਆਈ. ਚੰਡੀਗੜ੍ਹ ਭੇਜਿਆ ਗਿਆ। ਪਰਿਵਾਰਕ ਮੈਂਬਰ ਰਿੰਕੀ ਗੁਪਤਾ ਨੇ ਦੱਸਿਆ ਕਿ ਪੁਲਿਸ ਘਟਨਾ ਤੋਂ ਲਗਭਗ ਇਕ ਘੰਟੇ ਬਾਅਦ ਮੌਕੇ ’ਤੇ ਪਹੁੰਚੀ। ਇਹ ਖੇਤਰ ਮੁਬਾਰਕਪੁਰ ਪੁਲਿਸ ਚੌਕੀ ਹੇਠ ਆਉਂਦਾ ਹੈ, ਪਰ ਸੰਪਰਕ ਕਰਨ ’ਤੇ ਚੌਕੀ ਇੰਚਾਰਜ ਨੇ ਫ਼ੋਨ ਨਹੀਂ ਚੁੱਕਿਆ।


ਇਸ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਪੁਲਿਸ ਵਲੋਂ ਹਮਲਾਵਰਾਂ ਦੀ ਗ੍ਰਿਫ਼ਤਾਰੀ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ