ਜੈਕਲੀਨ ਫਰਨਾਂਡੀਜ਼ ਨੇ ਦਿੱਲੀ ਹਾਈ ਕੋਰਟ ਦੇ ਹੁਕਮ ਵਿਰੁੱਧ ਸੁਪਰੀਮ ਕੋਰਟ ਤੋਂ ਆਪਣੀ ਪਟੀਸ਼ਨ ਲਈ ਵਾਪਸ

ਨਵੀਂ ਦਿੱਲੀ, 22 ਸਤੰਬਰ - ਫ਼ਿਲਮੀ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੇ ਸੁਪਰੀਮ ਕੋਰਟ ਤੋਂ ਦਿੱਲੀ ਹਾਈ ਕੋਰਟ ਦੇ ਉਸ ਹੁਕਮ ਵਿਰੁੱਧ ਆਪਣੀ ਪਟੀਸ਼ਨ ਵਾਪਸ ਲੈ ਲਈ ਹੈ ਜਿਸ ਵਿਚ ਕਥਿਤ ਧੋਖਾਧੜੀ ਕਰਨ ਵਾਲੇ ਸੁਕੇਸ਼ ਚੰਦਰਸ਼ੇਖਰ ਨਾਲ ਸੰਬੰਧਿਤ 215 ਕਰੋੜ ਰੁਪਏ ਦੇ ਮਾਮਲੇ ਵਿਚ ਉਸਦੇ ਖਿਲਾਫ ਮਨੀ ਲਾਂਡਰਿੰਗ ਦੀ ਕਾਰਵਾਈ ਨੂੰ ਰੱਦ ਕਰਨ ਤੋਂ ਇਨਕਾਰ ਕੀਤਾ ਗਿਆ ਸੀ। ਸੁਪਰੀਮ ਕੋਰਟ ਨੇ ਕਿਹਾ ਕਿ ਫਰਨਾਂਡੀਜ਼ ਢੁਕਵੇਂ ਪੜਾਅ 'ਤੇ ਅਦਾਲਤ ਤੱਕ ਪਹੁੰਚ ਕਰ ਸਕਦੀ ਹੈ।
ਦੱਸ ਦਈਏ ਕਿ ਜੈਕਲੀਨ ਫਰਨਾਂਡੀਜ਼ ਨੇ ਸੁਕੇਸ਼ ਚੰਦਰਸ਼ੇਖਰ ਨਾਲ ਸੰਬੰਧਿਤ 215 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਵਿਚ ਦਿੱਲੀ ਹਾਈ ਕੋਰਟ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਲਈ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ। ਉਸ ਨੇ ਆਪਣੇ ਵਿਰੁੱਧ ਕਾਰਵਾਈ 'ਤੇ ਅੰਤਰਿਮ ਰੋਕ ਲਗਾਉਣ ਦੀ ਵੀ ਮੰਗ ਕੀਤੀ ਸੀ। ਦਿੱਲੀ ਹਾਈ ਕੋਰਟ ਵਿਚ ਦਾਇਰ ਆਪਣੀ ਪਟੀਸ਼ਨ ਵਿਚ, ਜੈਕਲੀਨ ਨੇ ਇਨਫੋਰਸਮੈਂਟ ਕੇਸ ਇਨਫਰਮੇਸ਼ਨ ਰਿਪੋਰਟ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਦੁਆਰਾ ਦਾਇਰ ਪੂਰਕ ਸ਼ਿਕਾਇਤ ਨੂੰ ਚੁਣੌਤੀ ਦਿੱਤੀ, ਜਿਸ ਵਿਚ ਉਸਨੂੰ ਦਸਵੇਂ ਦੋਸ਼ੀ ਵਜੋਂ ਸ਼ਾਮਲ ਕੀਤਾ ਗਿਆ ਸੀ। ਜੈਕਲੀਨ ਦਾ ਤਰਕ ਹੈ ਕਿ ਈਡੀ ਦੀ ਆਪਣੀ ਰਿਪੋਰਟ ਸਾਬਤ ਕਰਦੀ ਹੈ ਕਿ ਉਹ ਬੇਕਸੂਰ ਹੈ ਅਤੇ ਸੁਕੇਸ਼ ਚੰਦਰਸ਼ੇਖਰ ਦੀ ਸਾਜ਼ਿਸ਼ ਦਾ ਸ਼ਿਕਾਰ ਹੈ।