ਚਾਰੇ ਦੇ 100 ਟਰੱਕ ਹੜ੍ਹ ਪੀੜਤ ਖੇਤਰ ਲਈ ਸੁਖਬੀਰ ਸਿੰਘ ਬਾਦਲ ਨੇ ਕੀਤੇ ਰਵਾਨਾ

ਸ੍ਰੀ ਮੁਕਤਸਰ ਸਾਹਿਬ, 22 ਸਤੰਬਰ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਵੜਿੰਗ ਦੀ ਅਨਾਜ ਮੰਡੀ ਤੋਂ ਮੱਕੀ ਦੇ ਅਚਾਰ (ਚਾਰੇ) ਦੇ 100 ਟਰੱਕ ਹੜ੍ਹ ਪੀੜ੍ਹਤ ਖੇਤਰਾਂ ਲਈ ਸੁਖਬੀਰ ਸਿੰਘ ਬਾਦਲ ਵਲੋਂ ਰਵਾਨਾ ਕੀਤੇ ਗਏ। ਇਸ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਦੇ ਹੈਡ ਗ੍ਰੰਥੀ ਭਾਈ ਜਗਬੀਰ ਸਿੰਘ ਵਲੋਂ ਅਰਦਾਸ ਕੀਤੀ ਗਈ।
ਇਸ ਮੌਕੇ ਬੋਲਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਆਏ ਹੜ੍ਹਾਂ ਲਈ ਮੁੱਖ ਮੰਤਰੀ ਭਗਵੰਤ ਮਾਨ ਸਿੱਧੇ ਤੌਰ 'ਤੇ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਹੋਣ ਸਮੇਂ ਹਰ ਸਾਲ ਫਲੱਡ ਕੰਟਰੋਲ ਲਈ ਮੀਟਿੰਗਾਂ ਕਰਦੇ ਸਨ, ਪਰ ਭਗਵੰਤ ਮਾਨ ਨੇ ਤਿੰਨ ਸਾਲਾਂ ਵਿਚ ਅਧਿਕਾਰੀਆਂ ਨਾਲ ਕੋਈ ਮੀਟਿੰਗ ਨਹੀਂ ਕੀਤੀ। ਹੁਣ ਜਦੋਂ ਪਾਣੀ ਖਤਰੇ ਦੇ ਨਿਸ਼ਾਨ ਤੋਂ ਟੱਪ ਗਿਆ ਤਾਂ ਹੌਲੀ ਹੌਲੀ ਪਾਣੀ ਰਿਲੀਜ਼ ਕਰਨ ਦੀ ਬਜਾਏ ਇਕਦਮ ਪਾਣੀ ਛੱਡ ਕੇ ਪੰਜਾਬ ਦੇ ਕਈ ਜ਼ਿਲ੍ਹਿਆਂ ਨੂੰ ਰੋੜ ਦਿੱਤਾ, ਬਾਅਦ ਵਿਚ ਬੰਨ੍ਹ ਮਜਬੂਤ ਕਰਨ ਅਤੇ ਹੋਰ ਕੋਈ ਖ਼ਾਸ ਉਪਰਾਲੇ ਪੰਜਾਬ ਸਰਕਾਰ ਨੇ ਨਹੀਂ ਕੀਤੇ।ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨੇ ਲੋਕਾਂ ਦੀ ਪੂਰੀ ਮਦਦ ਕੀਤੀ ਅਤੇ ਹੁਣ ਵੀ ਚਾਰੇ ਤੋਂ ਇਲਾਵਾ ਡੀਜ਼ਲ ਦਿੱਤਾ ਗਿਆ। ਸ਼੍ਰੋਮਣੀ ਅਕਾਲੀ ਦਲ ਵਲੋਂ ਜ਼ਮੀਨਾਂ ਪੱਧਰ ਲਈ ਟਰੈਕਟਰ ਭੇਜੇ ਜਾਣਗੇ, ਗਰੀਬ ਪਰਿਵਾਰਾਂ ਨੂੰ ਕਣਕ ਮੁਹੱਈਆ ਕਰਵਾਈ ਜਾਵੇਗੀ। ਕਿਸਾਨਾਂ ਨੂੰ ਹਾੜ੍ਹੀ ਦੀ ਫਸਲ ਦੀ ਬਿਜਾਈ ਲਈ ਇਕ ਲੱਖ ਏਕੜ ਦਾ ਬੀਜ ਸ਼੍ਰੋਮਣੀ ਅਕਾਲੀ ਦਲ ਵਲੋਂ ਅਤੇ 1 ਲੱਖ ਏਕੜ ਦਾ ਬੀਜ ਸ਼੍ਰੋਮਣੀ ਕਮੇਟੀ ਵਲੋਂ ਦਿੱਤਾ ਜਾਵੇਗਾ।
ਸੁਖਬੀਰ ਨੇ ਕਿਹਾ ਕਿ ਚਾਰ ਲੱਖ ਏਕੜ ਪ੍ਰਭਾਵਿਤ ਇਲਾਕੇ ਵਿਚ ਕਣਕ ਦੀ ਬਿਜਾਈ ਲਈ ਦੋ ਲੱਖ ਏਕੜ ਦੀ ਜ਼ਿੰਮੇਵਾਰੀ ਤਾਂ ਅਸੀਂ ਚੁੱਕ ਲਈ ਹੈ ਅਤੇ ਹੁਣ ਪੰਜਾਬ ਸਰਕਾਰ ਨੂੰ 2 ਲੱਖ ਏਕੜ ਦੀ ਜ਼ਿੰਮੇਵਾਰੀ ਚੁੱਕਣੀ ਚਾਹੀਦੀ ਹੈ ਅਤੇ ਡੀ.ਏ.ਪੀ. ਤੇ ਹੋਰ ਖਾਦ ਮੁਹੱਈਆ ਕਰਵਾਉਣੀ ਚਾਹੀਦੀ ਹੈ।