ਵਿਧਾਇਕ ਫ਼ੌਜਾ ਸਿੰਘ ਸਰਾਰੀ ਨੇ ਰਾਵਨ ਅਤੇ ਕੁੰਭਕਰਨ ਦੇ ਬੁੱਤ ਨੂੰ ਕੀਤਾ ਅਗਨ ਭੇਟ

ਗੁਰੂ ਹਰ ਸਹਾਏ,2 ਅਕਤੂਬਰ (ਕਪਿਲ ਕੰਧਾਰੀ) - ਬਦੀ 'ਤੇ ਨੇਕੀ ਦੀ ਜਿੱਤ ਦੁਸਹਿਰੇ ਦਾ ਤਿਉਹਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰੂ ਹਰ ਸਹਾਏ ਦੀ ਨਵੀਂ ਦਾਣਾ ਮੰਡੀ ਵਿਖੇ ਸ਼੍ਰੀ ਸ਼ਿਵ ਸੇਵਾ ਕਾਂਵੜ ਸੰਘ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਮਨੋਜ ਮੋਂਗਾ ਦੀ ਅਗਵਾਈ ਹੇਠ ਬੜੀ ਧੂਮ-ਧਾਮ ਦੇ ਨਾਲ ਮਨਾਇਆ ਗਿਆ। ਇਸ ਦੁਸਹਿਰੇ ਦੇ ਤਿਉਹਾਰ ਮੌਕੇ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ ਪੰਜਾਬ ਦੇ ਸਾਬਕਾ ਕੈਬਨਟ ਮੰਤਰੀ ਅਤੇ ਹਲਕੇ ਦੇ ਵਿਧਾਇਕ ਫ਼ੌਜਾ ਸਿੰਘ ਸਰਾਰੀ, ਉਨ੍ਹਾਂ ਦੀ ਪਤਨੀ ਚਰਨਜੀਤ ਕੌਰ, ਬਚਿੱਤਰ ਸਿੰਘ ਲਾਡੀ ਦਾ ਇਥੇ ਪਹੁੰਚਣ 'ਤੇ ਸੰਘ ਦੇ ਸਮੂਹ ਮੈਂਬਰਾਂ ਵਲੋਂ ਸਵਾਗਤ ਕੀਤਾ ਗਿਆ। ਭੰਗੜਾ ਟੀਮ ਵਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ।ਇਸ ਮੌਕੇ ਵਿਧਾਇਕ ਫੌਜਾ ਸਿੰਘ ਸਰਾਰੀ ਵਲੋਂ ਸਾਰਿਆਂ ਨੂੰ ਜਿੱਥੇ ਦੁਸਹਿਰੇ ਦੇ ਤਿਉਹਾਰ ਦੀ ਵਧਾਈ ਦਿੱਤੀ , ਉਥੇ ਹੀ ਉਨ੍ਹਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਬੁਰਾਈ ਨੂੰ ਛੱਡ ਕੇ ਜ਼ਿੰਦਗੀ ਵਿਚ ਚੰਗੇ ਕੰਮ ਕਰਨੇ ਚਾਹੀਦੇ ਹਨ ਅਤੇ ਸ੍ਰੀ ਰਾਮ ਚੰਦਰ ਜੀ ਵਲੋਂ ਦਰਸਾਏ ਹੋਏ ਸਚਾਈ ਦੇ ਮਾਰਗ 'ਤੇ ਚੱਲਣਾ ਚਾਹੀਦਾ ਹੈ ।