ਭਿਆਨਕ ਸੜਕ ਹਾਦਸੇ 'ਚ ਟਰੱਕ ਨੇ 13 ਸਾਲਾ ਬਾਲੜੀ ਨੂੰ ਦਰੜਿਆ
ਜਗਰਾਉਂ ( ਲੁਧਿਆਣਾ ) , 2 ਅਕਤੂਬਰ ( ਕੁਲਦੀਪ ਸਿੰਘ ਲੋਹਟ) - ਅੱਜ ਅਬੋਹਰ ਬਰਾਂਚ ਦੇ ਅਖਾੜਾ ਪੁਲ ਨੇੜੇ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਵਿਚ 13 ਸਾਲਾ ਅਕਾਸ਼ਦੀਪ ਕੌਰ ਪੁੱਤਰੀ ਜਰਨੈਲ ਸਿੰਘ ਵਾਸੀ ਪਿੰਡ ਅਖਾੜਾ ਨੂੰ ਟਰੱਕ ਨੇ ਬੁਰੀ ਤਰ੍ਹਾਂ ਦਰੜ ਦਿੱਤਾ। ਜਾਣਕਾਰੀ ਦਿੰਦਿਆਂ ਜ਼ਖ਼ਮੀ ਅਕਾਸ਼ਦੀਪ ਕੌਰ ਦੇ ਦਾਦੀ ਜਸਵੀਰ ਕੌਰ ਨੇ ਦੱਸਿਆ ਕਿ ਅਕਾਸ਼ਦੀਪ ਕੌਰ ਆਪਣੀ ਮੰਮੀ ਅਤੇ ਭੈਣਾਂ ਨਾਲ ਤੜਕਸਾਰ ਅਖਾੜਾ ਨਹਿਰ ਦੇ ਪੁਲ 'ਤੇ ਸਾਂਝੀ ਤਾਰਨ ਗਈ ਸੀ ਤਾਂ ਜਗਰਾਉਂ ਵਾਲੇ ਪਾਸਿਓਂ ਤੇਜ਼ ਤਰਾਰ ਟਰੱਕ ਨੇ ਅਕਾਸ਼ਦੀਪ ਕੌਰ ਨੂੰ ਦਰੜ ਦਿੱਤਾ ਤੇ ਇਸ ਦੌਰਾਨ ਅਕਾਸ਼ਦੀਪ ਕੌਰ ਦੀ ਬਾਂਹ ਬੁਰੀ ਤਰਾਂ ਕੁਚਲੀ ਗਈ। ਹਾਦਸੇ ਤੋਂ ਬਾਅਦ ਅਕਾਸ਼ਦੀਪ ਕੌਰ ਨੂੰ ਜਗਰਾਉਂ ਦੇ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਦੇ ਦਯਾਨੰਦ ਹਸਪਤਾਲ ਤੇ ਦੇਰ ਸ਼ਾਮ ਏਮਜ ਬਠਿੰਡਾ ਵਿਖੇ ਦਾਖ਼ਲਕਰਵਾਇਆ। ਅਕਾਸ਼ਦੀਪ ਕੌਰ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ ਪ੍ਰੰਤੂ ਉਸ ਦੀ ਬਾਂਹ ਪੂਰੀ ਤਰ੍ਹਾਂ ਨਕਾਰਾ ਹੋ ਚੁੱਕੀ ਹੈ। ਪਰਿਵਾਰਿਕ ਮੈਂਬਰਾਂ ਅਨੁਸਾਰ ਘਟਨਾਂ ਤੋਂ ਬਾਅਦ ਮੌਕੇ 'ਤੇ ਮੌਜੂਦ ਲੋਕਾਂ ਨੇ ਟਰੱਕ ਚਾਲਕ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ। ਤੜਕਸਾਰ ਵਾਪਰੀ ਇਸ ਘਟਨਾਂ ਨੇ ਤਿਉਹਾਰਾਂ ਮੌਕੇ ਪੁਲਿਸ ਪ੍ਰਸ਼ਾਸਨ ਵਲੋਂ ਪੁਖਤਾ ਪ੍ਰਬੰਧ ਕੀਤੇ ਜਾਣ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।