ਪ੍ਰਧਾਨ ਮੰਤਰੀ ਮੋਦੀ ਹਨ ਇਕ ਸ਼ਾਨਦਾਰ ਨੇਤਾ ਤੇ ਮਜ਼ਬੂਤ ਵਿਅਕਤੀ- ਰਾਸ਼ਟਰਪਤੀ ਟਰੰਪ
ਦੱਖਣੀ ਕੋਰੀਆ, 29 ਅਕਤੂਬਰ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅੱਜ ਏਸ਼ੀਆ-ਪ੍ਰਸ਼ਾਂਤ ਆਰਥਿਕ ਸਹਿਯੋਗ (ਏਪੇਕ) ਸੰਮੇਲਨ ਦੇ ਸੀ.ਈ.ਓ. ਡਾਇਲਾਗ ਵਿਚ ਹਿੱਸਾ ਲੈਣ ਲਈ ਦੱਖਣੀ ਕੋਰੀਆ ਪਹੁੰਚੇ। ਆਪਣੇ ਭਾਸ਼ਣ ਦੌਰਾਨ ਉਨ੍ਹਾਂ ਨੇ ਭਾਰਤ ਨਾਲ ਵਪਾਰ ਸਮਝੌਤੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜ਼ਿਕਰ ਕੀਤਾ। ਟਰੰਪ ਨੇ ਉਸ ਸਮੇਂ ਦਾ ਵੀ ਜ਼ਿਕਰ ਕੀਤਾ ਜਦੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਟਕਰਾਅ ਚੱਲ ਰਿਹਾ ਸੀ ਅਤੇ ਉਨ੍ਹਾਂ ਪ੍ਰਧਾਨ ਮੰਤਰੀ ਨਾਲ ਗੱਲ ਕਰਨ ਦਾ ਦਾਅਵਾ ਕੀਤਾ।
ਆਪਣੇ ਭਾਸ਼ਣ ਦੌਰਾਨ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸਭ ਤੋਂ ਸ਼ਾਨਦਾਰ ਵਿਅਕਤੀ ਦੱਸਿਆ। ਟਰੰਪ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਬਹੁਤ ਵਧੀਆ ਅਤੇ ਇਕ ਬਹੁਤ ਹੀ ਮਜ਼ਬੂਤ ਨੇਤਾ ਹਨ। ਅਮਰੀਕੀ ਰਾਸ਼ਟਰਪਤੀ ਨੇ ਭਾਰਤ ਦੇ ਆਪ੍ਰੇਸ਼ਨ ਸੰਧੂਰ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਚਰਚਾ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਇਕ ਸਮੇਂ ਉਨ੍ਹਾਂ ਨੂੰ ਕਿਹਾ ਸੀ ਕਿ ਅਸੀਂ ਲੜਦੇ ਰਹਾਂਗੇ। ਟਰੰਪ ਨੇ ਦਾਅਵਾ ਕੀਤਾ ਕਿ ਦੋ ਦਿਨ ਬਾਅਦ ਭਾਰਤ ਨੇ ਅਮਰੀਕਾ ਨੂੰ ਫ਼ੋਨ ਕੀਤਾ ਅਤੇ ਆਪਣਾ ਰੁਖ਼ ਨਰਮ ਕੀਤਾ। ਉਨ੍ਹਾਂ ਕਿਹਾ ਕਿ ਇਹ ਇਕ ਸ਼ਾਨਦਾਰ ਗੱਲ ਸੀ।
ਆਪਣੇ ਭਾਸ਼ਣ ਦੌਰਾਨ ਟਰੰਪ ਨੇ ਭਾਰਤ ਨਾਲ ਇਕ ਸ਼ੁਰੂਆਤੀ ਵਪਾਰ ਸਮਝੌਤੇ ਵੱਲ ਇਸ਼ਾਰਾ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਅਤੇ ਅਮਰੀਕਾ ਜਲਦੀ ਹੀ ਇਕ ਵਪਾਰ ਸਮਝੌਤੇ 'ਤੇ ਦਸਤਖਤ ਕਰਨਗੇ। ਹਾਲਾਂਕਿ ਇਸ ਦੌਰਾਨ ਉਨ੍ਹਾਂ ਨੇ ਆਯਾਤ ਟੈਰਿਫ ਨੂੰ ਅਮਰੀਕਾ ਦੀ ਤਾਕਤ ਵਜੋਂ ਵੀ ਦਰਸਾਇਆ। ਟਰੰਪ ਨੇ ਇਕ ਵਾਰ ਫਿਰ ਆਪਣੀ ਪੁਰਾਣੀ ਭਾਵਨਾ ਦੁਹਰਾਉਂਦੇ ਹੋਏ ਕਿਹਾ ਕਿ ਜੇ ਤੁਸੀਂ ਭਾਰਤ ਅਤੇ ਪਾਕਿਸਤਾਨ ਨੂੰ ਦੇਖੋਗੇ ਤਾਂ ਮੈਂ ਭਾਰਤ ਨਾਲ ਇਕ ਵਪਾਰ ਸਮਝੌਤਾ ਕਰਨ ਜਾ ਰਿਹਾ ਹਾਂ ਅਤੇ ਮੈਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਹੁਤ ਸਤਿਕਾਰ ਹੈ।
ਅਮਰੀਕੀ ਰਾਸ਼ਟਰਪਤੀ ਨੇ ਪਹਿਲਾਂ ਜਾਪਾਨ ਵਿਚ ਭਾਰਤ-ਪਾਕਿਸਤਾਨ ਟਕਰਾਅ ਨੂੰ ਰੋਕਣ ਦੀ ਵਕਾਲਤ ਕੀਤੀ ਸੀ। ਟਰੰਪ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਹੋਈ ਝੜਪ ਵਿਚ ਸੱਤ ਉਚ ਤਕਨੀਕ ਦੇ ਨਵੇਂ ਜਹਾਜ਼ ਡੇਗ ਦਿੱਤੇ ਗਏ ਸਨ। ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਵਪਾਰ ਰਾਹੀਂ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਨੂੰ ਖਤਮ ਕਰ ਦਿੱਤਾ ਹੈ।
;
;
;
;
;
;