JALANDHAR WEATHER

ਰਾਜਾਸਾਂਸੀ ਹਲਕੇ 'ਚ ਨਾਮਜ਼ਦਗੀ ਪੱਤਰ ਭਰਨ ਵੇਲੇ ਧੱਕੇਸ਼ਾਹੀ, ਕਾਂਗਰਸੀ ਵਰਕਰ 'ਤੇ ਹਮਲਾ

ਰਾਜਾਸਾਂਸੀ, 4 ਦਸੰਬਰ (ਹਰਦੀਪ ਸਿੰਘ ਖੀਵਾ)-ਬਲਾਕ ਸੰਮਤੀ ਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਦੇ ਦੀਆਂ ਨਾਮਜ਼ਦਗੀਆਂ ਦਾਖਲ ਕਰਨ ਦੇ ਅਖੀਰਲੇ ਦਿਨ ਅੱਜ ਹਲਕਾ ਰਾਜਾਸਾਂਸੀ ਵਿਚ ਕਾਂਗਰਸ ਤੇ ਅਕਾਲੀ ਉਮੀਦਵਾਰਾਂ ਦੀਆਂ ਫਾਈਲਾਂ ਖੋਹ ਕੇ ਪਾੜਨ ਕਾਰਨ ਅਕਾਲੀ-ਕਾਂਗਰਸੀਆਂ ਵੱਲੋਂ ਆਪ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ।

ਹਲਕਾ ਰਾਜਾਸਾਂਸੀ ਤੋਂ ਕਾਂਗਰਸ ਦੇ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਗੱਲਬਾਤ ਕਰਦਿਆਂ ਕਿਹਾ ਕਿ ਆਪ ਵਰਕਰਾਂ ਵੱਲੋਂ ਧੱਕੇਸ਼ਾਹੀ ਕਰਦਿਆਂ ਐਸ.ਡੀ.ਐਮ. ਦਫਤਰ ਵਿਚ ਸਾਡੇ ਕਰੀਬ ਚਾਰ ਉਮੀਦਵਾਰਾਂ ਦੀਆਂ ਫਾਈਲਾਂ ਖੋਹ ਕੇ ਪੁਲਿਸ ਪ੍ਰਸ਼ਾਸਨ ਅਤੇ ਅਧਿਕਾਰੀਆਂ ਦੇ ਸਾਹਮਣੇ ਹੀ ਪਾੜ ਕੇ ਬਾਹਰ ਸੁੱਟ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਸਾਡੇ ਕਾਂਗਰਸੀ ਉਮੀਦਵਾਰ ਸੁਰਜੀਤ ਸਿੰਘ ਸਰਪੰਚ ਭਿੰਡੀ ਸੈਦਾਂ ਉਸ ਉਤੇ ਹਮਲਾ ਵੀ ਕੀਤਾ ਗਿਆ।

ਅਕਾਲੀ ਦਲ ਦੇ ਸੀਨੀਅਰ ਆਗੂ ਰਾਣਾ ਰਣਬੀਰ ਸਿੰਘ ਲੋਪੋਕੇ ਤੇ ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਭਿੱਟੇਵੱਡ ਨੇ ਵੀ ਹਲਕੇ ਦੇ ਆਪ ਆਗੂਆਂ, ਪੁਲਿਸ ਪ੍ਰਸ਼ਾਸਨ ਅਤੇ ਅਧਿਕਾਰੀਆਂ ਉਤੇ ਦੋਸ਼ ਲਾਉਂਦਿਆਂ ਕਿਹਾ ਕਿ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਦਾਖਲ ਕਰਨ ਮੌਕੇ ਪ੍ਰਸ਼ਾਸਨ ਅਤੇ ਅਧਿਕਾਰੀਆਂ ਵੱਲੋਂ ਨਿਕੰਮੇ ਪ੍ਰਬੰਧ ਕੀਤੇ ਗਏ ਸਨ, ਜਿਸ ਕਾਰਨ ਆਪ ਦੇ ਵਰਕਰਾਂ ਵੱਲੋਂ ਪੁਲਿਸ ਦੀ ਨਿਗਰਾਨੀ ਹੇਠ ਸ਼ਰੇਆਮ ਗੁੰਡਾਗਰਦੀ ਕੀਤੀ ਗਈ। ਉਨ੍ਹਾਂ ਪੁਲਿਸ ਤੇ ਆਪ
ਦੇ ਆਗੂਆਂ ਉਤੇ ਦੋਸ਼ ਲਗਾਇਆ ਕਿ ਅੱਜ ਦੁਪਹਿਰ 12 ਵਜੇ ਤੋਂ ਬਾਅਦ ਗੁੰਡਾ ਅਨਸਰਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਹੋਣ ਵਾਲੇ ਕੰਪਲੈਕਸ ਅੰਦਰ ਵਿਚ ਵਾੜ ਕੇ ਸਾਡੇ ਕਰੀਬ 8 ਉਮੀਦਵਾਰਾਂ ਦੀਆਂ ਫਾਈਲਾਂ ਖੋਹ ਕੇ ਮੌਕੇ ਉਤੇ ਹੀ ਪਾੜ ਦਿੱਤੀਆਂ ਗਈਆਂ। ਉਨ੍ਹਾਂ ਮੰਗ ਕੀਤੀ ਹੈ ਕਿ ਇਹ 8 ਨਾਮਜ਼ਦਗੀਆਂ ਦੋਬਾਰਾ ਕਰਵਾਈਆਂ ਜਾਣ। ਇਸ ਦੌਰਾਨ ਭਾਜਪਾ ਦੇ ਹਲਕਾ ਰਾਜਾਸਾਂਸੀ ਤੋਂ ਇੰਚਾਰਜ ਮੁਖਵਿੰਦਰ ਸਿੰਘ ਮਾਹਲ ਨੇ ਵੀ ਕਿਹਾ ਕਿ ਸ਼ਰੇਆਮ ਧੱਕੇਸ਼ਾਹੀ ਹੋ ਰਹੀ ਹੈ ਅਤੇ ਸਾਡੇ ਕਰੀਬ 25 ਉਮੀਦਵਾਰਾਂ ਨੂੰ ਪੁਲਿਸ ਵੱਲੋਂ ਧੱਕੇ ਮਾਰ ਕੇ ਐਸ.ਡੀ.ਐਮ. ਦਫਤਰ ਤੋਂ ਬਾਹਰ ਕੱਢ ਦਿੱਤਾ ਗਿਆ।

ਇਸ ਸੰਬੰਧੀ ਜਦ ਰਾਜਾਸਾਂਸੀ ਦੇ ਡੀ. ਐਸ. ਪੀ. ਨੀਰਜ ਕੁਮਾਰ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਚੋਣਾਂ ਦੌਰਾਨ ਮਾੜੀ ਮੋਟੀ ਲੜਾਈ ਹੋਣੀ ਕੋਈ ਵੱਡੀ ਗੱਲ ਨਹੀਂ। ਉਹਨਾਂ ਕਿਹਾ ਕਿ ਪੁਲਿਸ ਵੱਲੋਂ ਆਪਣੇ ਡਿਊਟੀ ਵਫਾਦਾਰੀ ਨਾਲ ਨਿਭਾਈ ਗਈ ਹੈ। ਬਾਕੀ ਰਹੀ ਨਾਮਜ਼ਦਗੀ ਪੱਤਰ ਪਾੜਨ ਦੀ ਗੱਲ ਤਾਂ ਉਹ ਨਾਮਜ਼ਦਗੀ ਪੱਤਰ ਐਸ. ਡੀ. ਐਮ. ਦਫਤਰ ਦੇ ਕੰਪਲੈਕਸ ਵਿਚ ਪਾੜੇ ਗਏ ਹਨ ਜਦੋਂ ਕਿ ਪੁਲਿਸ ਕਰਮਚਾਰੀ ਬਾਹਰ ਲੱਗੇ ਹੋਏ ਸਨ। ਝਗੜੇ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਦੋਵਾਂ ਧਿਰਾਂ ਦੀ ਜਾਂਚ ਪੜਤਾਲ ਕੀਤੀ ਜਾਵੇਗੀ ਜੋ ਦੋਸ਼ੀ ਪਾਇਆ ਗਿਆ ਉਸ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ