ਹਿਮਾਚਲ : ਹਮੀਰਪੁਰ ਸਕੂਲ 'ਚ ਜੂਨੀਅਰ ਦੀ ਰੈਗਿੰਗ ਕਰਨ ਦੇ ਦੋਸ਼ 'ਚ 6 ਵਿਦਿਆਰਥੀਆਂ 'ਤੇ ਪੋਕਸੋ ਐਕਟ ਤਹਿਤ ਪਰਚਾ
ਹਮੀਰਪੁਰ (ਹਿਮਾਚਲ ਪ੍ਰਦੇਸ਼), 4 ਦਸੰਬਰ (ਪੀ.ਟੀ.ਆਈ.)- ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਵਿਚ 6 ਵਿਦਿਆਰਥੀਆਂ ਉਤੇ ਪੋਕਸੋ ਐਕਟ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਵੀਰਵਾਰ ਨੂੰ ਦੱਸਿਆ ਕਿ ਹਿਮਾਚਲ ਦੇ ਹਮੀਰਪੁਰ ਜ਼ਿਲ੍ਹੇ ਦੇ ਸੁਜਾਨਪੁਰ ਇਲਾਕੇ ਦੇ ਇਕ ਪ੍ਰਮੁੱਖ ਸਕੂਲ ਦੇ ਜਮਾਤ 12ਵੀਂ ਦੇ 6 ਵਿਦਿਆਰਥੀਆਂ ਵਿਰੁੱਧ ਉਸੇ ਸਕੂਲ ਦੇ 8ਵੀਂ ਜਮਾਤ ਦੇ ਵਿਦਿਆਰਥੀ ਨਾਲ ਕਥਿਤ ਤੌਰ 'ਤੇ ਰੈਗਿੰਗ ਕਰਨ ਦੇ ਦੋਸ਼ ਵਿਚ ਮਾਮਲਾ ਦਰਜ ਕੀਤਾ ਗਿਆ ਹੈ।
ਪੀੜਤ ਦੇ ਪਿਤਾ ਨੇ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਸੁਜਾਨਪੁਰ ਪੁਲਿਸ ਸਟੇਸ਼ਨ ਵਿਚ ਰੈਗਿੰਗ ਵਿਰੋਧੀ ਐਕਟ ਅਤੇ ਬੱਚਿਆਂ ਨੂੰ ਜਿਨਸੀ ਅਪਰਾਧਾਂ ਤੋਂ ਸੁਰੱਖਿਆ (ਪੋਕਸੋ) ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਚੰਬਾ ਜ਼ਿਲ੍ਹੇ ਦੇ ਰਹਿਣ ਵਾਲੇ ਪੀੜਤ ਨੇ 12ਵੀਂ ਦੇ ਵਿਦਿਆਰਥੀਆਂ 'ਤੇ ਰੈਗਿੰਗ ਅਤੇ ਖੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਲਗਾਇਆ ਹੈ। ਸ਼ਿਕਾਇਤਕਰਤਾ ਨੇ ਸੀਨੀਅਰ ਵਿਦਿਆਰਥੀਆਂ 'ਤੇ ਲੜਕੇ ਨੂੰ ਅਸ਼ਲੀਲ ਹਰਕਤਾਂ ਅਤੇ ਹਮਲਾ ਕਰਨ ਦਾ ਦੋਸ਼ ਲਗਾਇਆ ਹੈ। ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਜਦੋਂ ਪੀੜਤ ਨੇ ਵਾਰਡਨ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਤਾਂ ਵੱਡੇ ਮੁੰਡਿਆਂ ਨੇ ਕਥਿਤ ਤੌਰ 'ਤੇ ਉਸ ਨਾਲ ਕੁੱਟਮਾਰ ਕੀਤੀ ਅਤੇ ਦੁਰਵਿਵਹਾਰ ਕੀਤਾ ਅਤੇ ਉਸਨੂੰ 45 ਮਿੰਟਾਂ ਲਈ ਵਾਰ-ਵਾਰ 'ਮੁਰਗਾ' (ਬੈਠਣ) ਦੀ ਸਥਿਤੀ ਵਿਚ ਰੱਖਣ ਲਈ ਕਿਹਾ। ਹਮੀਰਪੁਰ ਦੇ ਪੁਲਿਸ ਸੁਪਰਡੈਂਟ ਬਲਬੀਰ ਸਿੰਘ ਠਾਕੁਰ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
;
;
;
;
;
;
;
;
;