JALANDHAR WEATHER

ਪੰਜਾਬ 'ਚ ਗਰਮੀ ਵਧਣ ਕਾਰਨ ਮਿੱਟੀ ਦੇ ਘੜੇ ਅਤੇ ਕੈਪਰਾਂ ਦੀ ਮੰਗ ਵਧੀ

ਰੋਜ਼ਗਾਰ ਨੂੰ ਮਿਲਿਆ ਹੁੰਗਾਰਾ, ਮਿੱਟੀ ਦੇ ਬਰਤਨ ਬਣਾਉਣ ਵਾਲੇ ਕਾਰੀਗਰਾਂ ਦੇ ਚਿਹਰੇ ਖਿੜੇ
ਰਾਜਪੁਰਾ, 17 ਮਈ (ਰਣਜੀਤ ਸਿੰਘ)-ਪੰਜਾਬ ਵਿਚ ਜਿਉਂ-ਜਿਉਂ ਗਰਮੀ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ ਉਸੇ ਹਿਸਾਬ ਨਾਲ ਮਿੱਟੀ ਦੇ ਘੜੇ ਅਤੇ ਕੈਂਪਰਾਂ ਦੀ ਮੰਗ ਵੀ ਵਧਦੀ ਜਾ ਰਹੀ ਹੈ | ਪੰਜਾਬ 'ਚ ਅੱਜ ਕਈਆਂ ਥਾਵਾਂ 'ਤੇ ਤਾਪਮਾਨ 41 ਡਿਗਰੀ ਨੂੰ ਹੱਥ ਲਾ ਕੇ ਮੁੜਿਆ ਹੈ | ਪਿੰਡਾਂ ਦੀਆਂ ਗਲੀਆਂ ਅਤੇ ਸ਼ਹਿਰ ਵਿਚ ਸੜਕਾਂ ਅਤੇ ਬਾਜ਼ਾਰਾਂ ਵਿਚ ਸੁੰਨਸਾਨ ਹੈ | ਗਰਮੀ ਕਾਰਨ ਲੋਕ ਇਕ ਤਰ੍ਹਾਂ ਨਾਲ ਘਰਾਂ ਵਿਚ ਕੈਦ ਹੋ ਕੇ ਰਹਿ ਗਏ ਹਨ ਭਾਵੇ ਕਿ ਅੱਜ ਕੱਲ੍ਹ ਜ਼ਮਾਨੇ ਦੇ ਹਿਸਾਬ ਨਾਲ ਹਰ ਘਰ ਵਿਚ ਫ਼ਰਿਜ ਹੈ ਪਰ ਹੁਣ ਲੋਕਾਂ ਨੇ ਮੁੜ ਕੇ ਮਿੱਟੀ ਦੇ ਬਣੇ ਘੜਿਆਂ ਅਤੇ ਕੈਂਪਰਾਂ ਵੱਲ ਨੂੰ ਮੋੜਾ ਕੱਟਣਾ ਸ਼ੁਰੂ ਕਰ ਦਿੱਤਾ ਹੈ | ਸ਼ਹਿਰਾਂ ਅਤੇ ਪਿੰਡਾਂ ਵਿਚ ਸਾਂਝੀਆਂ ਥਾਵਾਂ 'ਤੇ ਰਾਹਗੀਰਾਂ ਦੇ ਪਾਣੀ ਪੀਣ ਲਈ ਮਿੱਟੀ ਦੇ ਮਟਕੇ, ਘੜੇ ਅਤੇ ਕੈਪਰਾਂ ਪਏ ਆਮ ਹੀ ਵਿਖਾਈ ਦੇ ਜਾਂਦੇ ਹਨ | ਮਾਹਿਰਾਂ ਮੁਤਾਬਿਕ ਮਿੱਟੀ ਦਾ ਘੜਾ ਅਦਭੁਤ ਵਿਗਿਆਨਕ ਸਿਧਾਂਤ 'ਤੇ ਕੰਮ ਕਰਦਾ ਹੈ ਜਿਸ ਨੂੰ ਵਾਸ਼ਪੀਕਰਨ ਕਹਿੰਦੇ ਹਨ | ਮਿੱਟੀ ਦੇ ਘੜੇ ਵਿਚ ਹਜ਼ਾਰਾਂ ਹੀ ਬਹੁਤ ਸੂਖਮ ਮਸਾਮ (ਮਾਈਕਰੋਸਕੋਪਿਕ ਪੋਰਜ਼) ਹੁੰਦੇ ਹਨ | ਇਨ੍ਹਾਂ ਰਾਹੀ ਪਾਣੀ ਬਾਹਰ ਆਉਂਦਾ ਹੈ ਅਤੇ ਹਵਾ ਦੇ ਸੰਪਰਕ ਵਿਚ ਆ ਕੇ ਵਾਸ਼ਪ ਬਣ ਕੇ ਉੱਡਦਾ ਹੈ | ਇਸ ਕਾਰਨ ਹੀ ਘੜੇ ਦਾ ਅੰਦਰ ਦਾ ਤਾਪਮਾਨ ਡਿੱਗ ਜਾਂਦਾ ਹੈ ਅਤੇ ਪਾਣੀ ਕੁਦਰਤੀ ਤੌਰ 'ਤੇ ਠੰਡਾ ਰਹਿੰਦਾ ਹੈ | ਡਾਕਟਰਾਂ ਦਾ ਕਹਿਣਾ ਹੈ ਕਿ ਸਿਹਤ ਮਾਹਿਰਾਂ ਅਨੁਸਾਰ ਫ਼ਰਿਜ ਦਾ ਜ਼ਿਆਦਾ ਠੰਡਾ ਪਾਣੀ ਪੀਣ ਨਾਲ ਗਲੇ ਦੀਆਂ ਬਿਮਾਰੀਆਂ ਖਾਂਸੀ ਅਤੇ ਜ਼ੁਕਾਮ ਵਰਗੀਆਂ ਬਿਮਾਰੀਆਂ ਵੀ ਆਮ ਹੀ ਹੋ ਜਾਂਦੀਆਂ ਹਨ, ਜਦੋਂ ਕਿ ਮਿੱਟੀ ਦੇ ਘੜੇ ਦਾ ਪਾਣੀ ਕੁਦਰਤੀ ਤੌਰ 'ਤੇ ਠੰਡਾ ਹੁੰਦਾ ਹੈ | ਘੜੇ ਦਾ ਪਾਣੀ ਗਰਮੀ ਵਿਚ ਲੂ (ਹੀਟ ਸਟ੍ਰੋਕ) ਦੇ ਖ਼ਤਰੇ ਨੂੰ ਵੀ ਘੱਟ ਕਰਦਾ ਹੈ | ਇਸ ਸੰਬੰਧੀ ਬਜ਼ੁਰਗਾਂ ਦਾ ਕਹਿਣਾ ਹੈ ਕਿ ਪੁਰਾਣੇ ਜ਼ਮਾਨੇ ਵਿਚ ਘੜੇ ਹੀ ਗ਼ਰੀਬਾਂ ਅਤੇ ਅਮੀਰਾਂ ਦਾ ਫ਼ਰਿਜ ਹੁੰਦੇ ਸਨ | ਇਨ੍ਹਾਂ ਕਾਰੀਗਰਾਂ ਦਾ ਕਹਿਣਾ ਹੈ ਕਿ ਸਾਨੂੰ ਪਲਾਸਟਿਕ ਤੇ ਫ਼ਰਿਜਾਂ ਦੇ ਠੰਡੇ ਪਾਣੀ ਦੀ ਬਜਾਏ ਕੁਦਰਤ ਦੇ ਨੇੜੇ ਆਉਣਾ ਚਾਹੀਦਾ ਹੈ | ਇਸ ਗੱਲ ਨੂੰ ਮੁੱਖ ਰੱਖ ਕੇ ਮਿੱਟੀ ਦੇ ਘੜੇ ਕਿਸੇ ਨਾ ਕਿਸੇ ਰੂਪ ਵਿਚ ਫ਼ਰਿਜਾਂ 'ਤੇ ਭਾਰੀ ਪੈਂਦੇ ਜਾ ਰਹੇ ਹਨ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ