JALANDHAR WEATHER

ਜਲੰਧਰ ਦੀ ਧੀ ਨੇ ਅੰਤਰਰਾਸ਼ਟਰੀ ਬੈਡਮਿੰਟਨ ਵਿੱਚ ਰਚਿਆ ਇਤਿਹਾਸ

ਮਾਨਿਆ ਰਲਹਣ ਬਣੀ ਜਲੰਧਰ ਦੀ ਪਹਿਲੀ ਮਹਿਲਾ ਬੈਡਮਿੰਟਨ ਖਿਡਾਰਨ ਜਿਸ ਨੇ ਅੰਤਰਰਾਸ਼ਟਰੀ ਪੱਧਰ 'ਤੇ ਜਿੱਤਿਆ ਤਗਮਾ
ਜਲੰਧਰ, 17 ਮਈ (ਡਾ. ਜਤਿੰਦਰ ਸਾਬੀ)-ਜਲੰਧਰ ਦੀ ਹੋਣਹਾਰ ਬੈਡਮਿੰਟਨ ਖਿਡਾਰਨ ਮਾਨਿਆ ਰੱਲਹਣ ਨੇ ਅੰਤਰਰਾਸ਼ਟਰੀ ਪੱਧਰ 'ਤੇ ਕਾਂਸੀ ਦਾ ਤਮਗਾ ਜਿੱਤ ਕੇ ਸ਼ਹਿਰ ਅਤੇ ਪੰਜਾਬ ਦਾ ਨਾਮ ਵਿਸ਼ਵ ਪੱਧਰ 'ਤੇ ਰੌਸ਼ਨ ਕੀਤਾ ਹੈ | ਮਾਨਿਆ ਰੱਲਹਣ, ਜੋ ਕਿ ਪ੍ਰਸਿੱਧ ਕਾਰੋਬਾਰੀ ਅਰਸ਼ ਰੱਲਹਣ ਅਤੇ ਨਿਧੀ ਰੱਲਹਣ ਦੀ ਧੀ ਹੈ, ਨੇ ਫਰਾਂਸ ਵਿਖੇ 13 ਤੋਂ 17 ਮਈ 2026 ਤੱਕ ਹੋਏ 'ਸੇਂਟ ਡੈਨਿਸ ਰੀਯੂਨੀਅਨ ਓਪਨ-2026' ਬੈਡਮਿੰਟਨ ਟੂਰਨਾਮੈਂਟ ਵਿੱਚ ਮਹਿਲਾ ਡਬਲਜ਼ ਵਰਗ ਵਿੱਚੋ ਕਾਂਸੀ ਦਾ ਤਮਗਾ ਹਾਸਲ ਕੀਤਾ | ਮਾਨਿਆ ਰੱਲਹਣ ਜਲੰਧਰ ਦੀ ਪਹਿਲੀ ਮਹਿਲਾ ਬੈਡਮਿੰਟਨ ਖਿਡਾਰਨ ਬਣ ਗਈ ਹੈ ਜਿਸ ਨੇ ਅੰਤਰਰਾਸ਼ਟਰੀ ਪੱਧਰ 'ਤੇ ਤਮਗਾ ਜਿੱਤ ਕੇ ਨਵਾਂ ਇਤਿਹਾਸ ਸਿਰਜਿਆ ਹੈ | ਇਸ ਤੋਂ ਪਹਿਲਾਂ ਵੀ ਉਹ ਕਈ ਰਾਸ਼ਟਰੀ ਪੱਧਰ ਦੇ ਟੂਰਨਾਮੈਂਟਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਈ ਤਮਗੇ ਆਪਣੇ ਨਾਮ ਕਰ ਚੁੱਕੀ ਹੈ | ਮਾਨਿਆ ਇਸ ਵੇਲੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਬੀ.ਏ. ਦੂਜੇ ਸਾਲ ਦੀ ਵਿਦਿਆਰਥਣ ਹੈ ਅਤੇ ਨਾਲ ਹੀ ਦੋਆਬਾ ਕਾਲਜ, ਜਲੰਧਰ ਨਾਲ ਸੰਬੰਧਿਤ ਰੱਤੀ ਬੈਡਮਿੰਟਨ ਅਕੈਡਮੀ ਵਿੱਚ ਸਿਖਲਾਈ ਪ੍ਰਾਪਤ ਕਰ ਰਹੀ ਹੈ | ਮਾਨਿਆ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਕੋਚਾਂ ਅਤੇ ਪਰਿਵਾਰ ਨੂੰ ਦਿੰਦਿਆਂ ਦੱਸਿਆ ਕਿ ਉਹ ਹਰ ਰੋਜ਼ 7 ਤੋਂ 8 ਘੰਟੇ ਸਖਤ ਮਿਹਨਤ ਅਤੇ ਅਭਿਆਸ ਕਰਦੀ ਹੈ | ਮਾਨਿਆ ਦੀ ਇਸ ਇਤਿਹਾਸਕ ਪ੍ਰਾਪਤੀ 'ਤੇ ਨਿਤਿਨ ਕੋਹਲੀ ਹਲਕਾ ਇੰਚਾਰਜ ਸੈਂਟਰਲ ਆਮ ਆਦਮੀ ਪਾਰਟੀ, ਅਜੈ ਚੋਪੜਾ ਵਾਰਡ ਨੰਬਰ 30 ਇੰਚਾਰਜ ਜਲੰਧਰ, ਸਾਬਕਾ ਅੰਤਰਰਾਸ਼ਟਰੀ ਬੈਡਮਿੰਟਨ ਖਿਡਾਰੀ ਅਤੇ ਕੋਚ ਸਚਿਨ ਰੱਤੀ, ਯੂਨੀਵਰਸਿਟੀ ਕੋਚ ਨੀਰਜ ਕੁਮਾਰ ਬਾਂਸਲ ਸਮੇਤ ਪਰਿਵਾਰਕ ਮੈਂਬਰਾਂ ਅਤੇ ਖੇਡ ਜਗਤ ਨਾਲ ਜੁੜੀਆਂ ਅਨੇਕ ਸ਼ਖ਼ਸੀਅਤਾਂ ਵੱਲੋਂ ਵਧਾਈ ਦਿੱਤੀ ਗਈ | ਮਾਨਿਆ ਨੇ ਆਪਣੀ ਸਫਲਤਾ ਲਈ ਕੋਚ ਸਚਿਨ ਰੱਤੀ, ਗਗਨ ਰੱਤੀ ਅਤੇ ਵਰੁਣ ਕੁਮਾਰ ਦਾ ਖਾਸ ਧੰਨਵਾਦ ਕੀਤਾ | ਇਸਦੇ ਨਾਲ ਹੀ ਉਸਨੇ ਇਹ ਤਮਗਾ ਆਪਣੇ ਸਵਰਗਵਾਸੀ ਕੋਚ ਸਰਦਾਰ ਹਰਜਿੰਦਰ ਸਿੰਘ ਵੜੈਚ ਨੂੰ ਸਮਰਪਿਤ ਕੀਤਾ, ਜਿਨ੍ਹਾਂ ਦਾ ਪਿਛਲੇ ਸਾਲ ਮਈ ਮਹੀਨੇ ਦੇਹਾਂਤ ਹੋ ਗਿਆ ਸੀ | ਮਾਨਿਆ ਨੇ ਕਿਹਾ ਕਿ ਕੋਚ ਵੜੈਚ ਦੀ ਸਿਖਲਾਈ, ਪ੍ਰੇਰਣਾ ਅਤੇ ਅਨੁਸ਼ਾਸਨ ਨੇ ਉਸਦੇ ਖੇਡ ਜੀਵਨ ਨੂੰ ਨਵੀਂ ਦਿਸ਼ਾ ਦਿੱਤੀ ਅਤੇ ਇਹ ਪ੍ਰਾਪਤੀ ਉਨ੍ਹਾਂ ਲਈ ਸੱਚੀ ਸ਼ਰਧਾਂਜਲੀ ਹੈ | ਖੇਡ ਪ੍ਰੇਮੀਆਂ ਦਾ ਮੰਨਣਾ ਹੈ ਕਿ ਮਾਨਿਆ ਰਲਹਣ ਦੀ ਇਹ ਪ੍ਰਾਪਤੀ ਪੰਜਾਬ ਦੀਆਂ ਨੌਜਵਾਨ ਕੁੜੀਆਂ ਲਈ ਪ੍ਰੇਰਣਾ ਸਰੋਤ ਬਣੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਖਿਡਾਰਨਾਂ ਵੀ ਅੰਤਰਰਾਸ਼ਟਰੀ ਪੱਧਰ 'ਤੇ ਦੇਸ਼ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਲਈ ਅੱਗੇ ਆਉਣਗੀਆਂ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ