ਮੱਧ ਪ੍ਰਦੇਸ਼ 'ਚ ਦਿੱਲੀ ਆਉਣ ਵਾਲੀ ਰਾਜਧਾਨੀ ਐਕਸਪ੍ਰੈਸ 'ਚ ਲੱਗੀ ਅੱਗ-ਰੇਲ ਆਵਾਜਾਈ ਪ੍ਰਭਾਵਿਤ
ਰਤਲਾਮ/ਕੋਟਾ, 17 ਮਈ (ਏਜੰਸੀ)-ਮੱਧ ਪ੍ਰਦੇਸ਼ ਦੇ ਰਤਲਾਮ ਜ਼ਿਲ੍ਹੇ 'ਚ ਐਤਵਾਰ ਸਵੇਰੇ ਤਿਰੂਵਨੰਤਪੁਰਮ ਤੋਂ ਨਵੀਂ ਦਿੱਲੀ ਜਾ ਰਹੀ ਰਾਜਧਾਨੀ ਐਕਸਪ੍ਰੈਸ ਰੇਲ ਗੱਡੀ 'ਚ ਅੱਗ ਲੱਗ ਗਈ, ਜਿਸ ਕਾਰਨ ਦੋ ਡੱਬੇ ਨੁਕਸਾਨੇ ਗਏ ਅਤੇ ਮੁੰਬਈ-ਦਿੱਲੀ ਰੇਲ ਮਾਰਗ 'ਤੇ ਕਈ ਘੰਟਿਆਂ ਤੱਕ ਆਵਾਜਾਈ ਪ੍ਰਭਾਵਿਤ ਰਹੀ | ਅਧਿਕਾਰੀਆਂ ਨੇ ਕਿਹਾ ਕਿ ਜਦੋਂ ਕਿ ਅੱਗ ਲੱਗਣ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਬਾਅਦ 'ਚ ਜ਼ਿਲ੍ਹੇ 'ਚ ਮੁਰੰਮਤ ਅਤੇ ਹੋਰ ਉਪਕਰਣ ਲੈ ਕੇ ਜਾ ਰਹੀ ਇਕ ਵੈਨ ਪਲਟ ਗਈ, ਜਿਸ ਕਾਰਨ ਪੰਜ ਰੇਲਵੇ ਕਰਮਚਾਰੀ ਜ਼ਖ਼ਮੀ ਹੋ ਗਏ | ਇਸ ਘਟਨਾ 'ਚ ਓਵਰਹੈੱਡ ਉਪਕਰਣਾਂ ਨੂੰ ਹੋਏ ਨੁਕਸਾਨ ਕਾਰਨ ਮੁੰਬਈ-ਦਿੱਲੀ ਮਾਰਗ 'ਤੇ 10 ਤੋਂ ਵੱਧ ਰੇਲ ਗੱਡੀਆਂ ਦਾ ਨਿਰਧਾਰਤ ਪ੍ਰੋਗਰਾਨ ਪ੍ਰਭਾਵਿਤ ਹੋਇਆ | ਸੱਤ ਘੰਟਿਆਂ ਤੋਂ ਵੱਧ ਸਮੇਂ ਬਾਅਦ ਰੇਲ ਆਵਾਜਾਈ ਨੂੰ ਬਹਾਲ ਕਰ ਦਿੱਤਾ ਗਿਆ, ਭਾਵੇਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਸੀ | ਤਿਰੂਵਨੰਤਪੁਰਮ-ਹਜ਼ਰਤ ਨਿਜ਼ਾਮੂਦੀਨ ਰਾਜਧਾਨੀ ਐਕਸਪ੍ਰੈਸ (ਟ੍ਰੇਨ ਨੰਬਰ 12431) ਸਵੇਰੇ ਲਗਭਗ 3.45 ਵਜੇ ਰਤਲਾਮ ਜੰਕਸ਼ਨ ਤੋਂ ਰਵਾਨਾ ਹੋਈ ਸੀ | ਪੱਛਮੀ ਮੱਧ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਹਰਸ਼ਿਤ ਸ਼੍ਰੀਵਾਸਤਵ ਨੇ ਦੱਸਿਆ ਕਿ ਰੇਲਵੇ ਦੇ ਕੋਟਾ ਡਿਵੀਜ਼ਨ ਅਧੀਨ ਵਿਕਰਮਗੜ੍ਹ ਅਲੋਟ ਅਤੇ ਲੁਨਿਰੀਚਾ ਸਟੇਸ਼ਨਾਂ ਵਿਚਕਾਰ ਗੱਡੀ ਦੇ ਬੀ-1 ਕੋਚ 'ਚ ਸਵੇਰੇ 5.15 ਵਜੇ ਅੱਗ ਲੱਗ ਗਈ ਤੇ ਕੋਚ ਦੇ ਪਿੱਛੇ ਲੱਗੀ ਸਾਮਾਨ-ਕਮ-ਗਾਰਡ ਵੈਨ ਨੂੰ ਵੀ ਨੁਕਸਾਨ ਪਹੁੰਚਿਆ | ਅਧਿਕਾਰੀਆਂ ਨੇ ਦੱਸਿਆ ਕਿ 68 ਯਾਤਰੀਆਂ ਨੂੰ ਲੈ ਕੇ ਜਾ ਰਹੇ ਕੋਚ ਨੂੰ 15 ਮਿੰਟਾਂ ਦੇ ਅੰਦਰ ਖ਼ਾਲੀ ਕਰਵਾ ਲਿਆ ਗਿਆ ਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ | ਰੇਲਵੇ ਅਧਿਕਾਰੀਆਂ ਨੇ ਤੁਰੰਤ ਓਵਰਹੈੱਡ ਬਿਜਲੀ ਸਪਲਾਈ ਬੰਦ ਕਰ ਦਿੱਤੀ ਅਤੇ ਅੱਗ ਬੁਝਾਅ ਦਿੱਤੀ ਗਈ | ਸ਼੍ਰੀਵਾਸਤਵ ਨੇ ਕਿਹਾ ਕਿ ਪ੍ਰਭਾਵਿਤ ਕੋਚ ਨੂੰ ਬਾਅਦ 'ਚ ਰੈਕ ਤੋਂ ਵੱਖ ਕਰ ਦਿੱਤਾ ਗਿਆ ਤੇ ਗੱਡੀ ਸਵੇਰੇ 9.45 ਵਜੇ ਅੱਗੇ ਦੀ ਯਾਤਰਾ ਲਈ ਰਵਾਨਾ ਹੋ ਗਈ | ਕੋਟਾ ਰੇਲਵੇ ਦੇ ਪੀ.ਆਰ.ਓ. ਰਵਿੰਦਰ ਲਖਾਰਾ ਨੇ ਕਿਹਾ ਕਿ ਰਾਜਸਥਾਨ ਦੇ ਕੋਟਾ ਤੱਕ ਉਨ੍ਹਾਂ ਦੀ ਅੱਗੇ ਦੀ ਯਾਤਰਾ ਲਈ ਯਾਤਰੀਆਂ ਨੂੰ ਹੋਰ ਕੋਚਾਂ ਵਿੱਚ ਬਿਠਾਉਣ ਦਾ ਪ੍ਰਬੰਧ ਕੀਤਾ ਗਿਆ ਸੀ | ਘਟਨਾ ਤੋਂ ਬਾਅਦ ਕੁਝ ਟ੍ਰੇਨਾਂ ਨੂੰ ਵੱਖ-ਵੱਖ ਸਟੇਸ਼ਨਾਂ 'ਤੇ ਰੋਕਿਆ ਗਿਆ ਸੀ ਤੇ ਅਧਿਕਾਰੀਆਂ ਨੇ ਕਿਹਾ ਕਿ ਸੱਤ ਘੰਟਿਆਂ ਤੋਂ ਵੱਧ ਸਮੇਂ ਬਾਅਦ ਆਵਾਜਾਈ ਬਹਾਲ ਕਰ ਦਿੱਤੀ ਗਈ | ਅੱਗ ਲੱਗਣ ਨਾਲ 13 ਯਾਤਰੀ ਰੇਲ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ |
;
;
;
;
;
;
;