ਆਨ-ਸਕ੍ਰੀਨ ਮਾਰਕਿੰਗ ਪ੍ਰਣਾਲੀ ਪੂਰੀ ਤਰ੍ਹਾਂ ਸੁਰੱਖਿਅਤ-ਸਿੱਖਿਆ ਮੰਤਰਾਲਾ
ਨਵੀਂ ਦਿੱਲੀ, 17 ਮਈ (ਏਜੰਸੀ)-ਸਿੱਖਿਆ ਮੰਤਰਾਲੇ ਨੇ ਸੀ.ਬੀ.ਐਸ.ਈ. ਦੀ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 'ਚ 'ਆਨ-ਸਕ੍ਰੀਨ ਮਾਰਕਿੰਗ' (ਓ.ਐਸ.ਐਮ.) ਪ੍ਰਣਾਲੀ ਨਾਲ ਅੰਕਾਂ 'ਤੇ ਅਸਰ ਪਾਉਣ ਵਾਲੀਆਂ ਚਿੰਤਾਵਾਂ ਨੂੰ ਖਾਰਜ ਕਰ ਦਿੱਤਾ ਅਤੇ ਮੁੜ-ਮੁਲਾਂਕਣ ਤੇ ਉਤਰ ਪੱਤਰੀ ਤਸਦੀਕ ਦੇ ਖਰਚੇ ਘਟਾ ਕੇ 100-100 ਰੁਪਏ ਕਰਨ ਦਾ ਐਲਾਨ ਕੀਤਾ | ਅਧਿਕਾਰੀਆਂ ਅਨੁਸਾਰ ਇਹ ਫ਼ੈਸਲਾ ਵਿਦਿਆਰਥੀਆਂ ਦੀ ਚਿੰਤਾ ਘੱਟ ਕਰਨ ਲਈ ਲਿਆ ਗਿਆ ਹੈ | ਹਾਲਾਂਕਿ, ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਓ.ਐਸ.ਐਮ. ਪੂਰੀ ਤਰ੍ਹਾਂ ਤਰੁਟੀ-ਰਹਿਤ ਹੈ ਤੇ ਪਾਰਦਰਸ਼ੀ ਮੁਲਾਂਕਣ ਲਈ ਅੰਤਰਰਾਸ਼ਟਰੀ ਪੱਧਰ 'ਤੇ ਅਪਣਾਈ ਜਾਣ ਵਾਲੀ ਵਿਧੀ ਹੈ | ਸਕੂਲ ਸਿੱਖਿਆ ਸਕੱਤਰ ਸੰਜੇ ਕੁਮਾਰ ਨੇ ਪੱਤਰਕਾਰ ਸੰਮੇਲਨ 'ਚ ਕਿਹਾ ਕਿ 12ਵੀਂ ਜਮਾਤ ਦੀਆਂ 98 ਲੱਖ ਉਤਰ ਪੱਤਰੀਆਂ ਸਕੈਨ ਕੀਤੀਆਂ ਗਈਆਂ ਤੇ ਇਸ ਪ੍ਰਕਿਰਿਆ 'ਚ ਸੁਰੱਖਿਆ ਦੇ ਤਿੰਨ ਪੱਧਰ ਅਪਣਾਏ ਗਏ | ਹਾਲਾਂਕਿ, ਬਾਰ-ਬਾਰ ਸਕੈਨ ਦੇ ਬਾਵਜੂਦ ਕੁਝ ਉਤਰ ਪੱਤਰੀਆਂ 'ਚ ਲਿਖਾਵਟ ਸਪੱਸ਼ਟ ਰੂਪ ਨਾਲ ਨਹੀਂ ਹੋ ਪਾ ਰਹੀ ਸੀ, ਕਿਉਂਕਿ ਉਨ੍ਹਾਂ 'ਚ ਵਰਤੀ ਗਈ ਸਿਆਹੀ ਦਾ ਰੰਗ ਬਹੁ ਹਲਕਾ ਸੀ | ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ 'ਚ ਪ੍ਰੀਖਿਅਕਾਂ ਨੂੰ ਉਤਰ ਪੱਤਰੀਆਂ ਹੱਥ ਨਾਲ ਜਾਂਚਣ ਤੇ ਉਸੇ ਅਨੁਸਾਰ ਅੰਕ ਦੇਣ ਦੇ ਨਿਰਦੇਸ਼ ਦਿੱਤੇ ਗਏ | ਅਜਿਹੀਆਂ 13000 ਤੋਂ ਵੱਧ ਉਤਰ ਪੱਤਰੀਆਂ ਹੱਥਾਂ ਨਾਲ ਜਾਂਚੀਆਂ ਗਈਆਂ ਤੇ ਅੰਕ ਪ੍ਰਣਾਲੀ 'ਚ ਦਰਜ ਕੀਤੇ ਗਏ | ਸੰਜੇ ਕੁਮਾਰ ਨੇ ਕਿਹਾ ਕਿ ਜੇਕਰ ਵਿਦਿਆਰਥੀ ਆਪਣੀ ਉੱਤਰ ਪੱਤਰੀ ਵੇਖਣਾ ਚਾਹੁੰਦੇ ਹਨ ਤਾਂ ਹੁਣ 700 ਰੁਪਏ ਦੀ ਥਾਂ ਕੇਵਲ 100 ਰੁਪਏ ਦੇਣੇ ਹੋਣਗੇ | ਜੇਕਰ ਉਹ ਉਤਰ ਪੱਤਰੀ ਦੀ ਤਸਦੀਕ ਜਾਂ ਪ੍ਰਮਾਣਿਕਤਾ ਚਾਹੁੰਦੇ ਹਨ, ਤਾਂ ਇਸ ਦੀ ਵੀ 500 ਰੁਪਏ ਦੀ ਬਜਾਏ 100 ਰੁਪਏ ਦੀ ਲਾਗਤ ਆਵੇਗੀ, ਜੇਕਰ ਉਹ ਕਿਸੇ ਖਾਸ ਉਤਰ ਦੀ ਦੁਬਾਰਾ ਜਾਂਚ ਚਾਹੁੰਦੇ ਹਨ, ਤਾਂ ਫੀਸ ਪ੍ਰਤੀ ਪ੍ਰਸ਼ਨ 25 ਰੁਪਏ ਹੋਵੇਗੀ |
;
;
;
;
;
;
;
;