ਪਿੰਡ ਰਾਮੇਆਣਾ ਵਿਖੇ ਜੈਤੋ ਰਜਵਾਹੇ ਵਿੱਚ ਪਿਆ ਵੱਡਾ ਪਾੜ, ਹਜ਼ਾਰਾਂ ਏਕੜ ਵਾਹੀਯੋਗ ਜ਼ਮੀਨ ਪ੍ਰਭਾਵਿਤ
ਜੈਤੋ, (ਫਰੀਦਕੋਟ), 12 ਜੂਨ (ਗੁਰਮੀਤਪਾਲ ਰੋੜੀਕਪੂਰਾ)- ਪਿੰਡ ਰਾਮੇਆਣਾ ਨੇੜੇ ਜੈਤੋ ਰਜਵਾਹੇ ਵਿਚ ਪਏ ਵੱਡੇ ਪਾੜ ਕਾਰਨ ਇਲਾਕੇ ਦੇ ਕਿਸਾਨਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਜਵਾਹੇ ਦਾ ਪਾਣੀ ਖੇਤਾਂ ਵਿਚ ਫੈਲਣ ਨਾਲ ਕਰੀਬ ਹਜ਼ਾਰ ਏਕੜ ਤੋਂ ਵੱਧ ਜ਼ਮੀਨ ਪ੍ਰਭਾਵਿਤ ਹੋਣ ਦੀ ਜਾਣਕਾਰੀ ਮਿਲੀ ਹੈ।
ਪਾੜ ਪੈਣ ਤੋਂ ਕਰੀਬ 10 ਘੰਟੇ ਬਾਅਦ ਵੀ ਨਾ ਤਾਂ ਪਾੜ ਨੂੰ ਪੂਰੀ ਤਰ੍ਹਾਂ ਬੰਦ ਕੀਤਾ ਜਾ ਸਕਿਆ ਅਤੇ ਨਾ ਹੀ ਰਜਵਾਹੇ ਦਾ ਪਾਣੀ ਬੰਦ ਹੋ ਸਕਿਆ, ਜਿਸ ਕਾਰਨ ਪਾਣੀ ਲਗਾਤਾਰ ਖੇਤਾਂ ਵਿਚ ਵੜਦਾ ਰਿਹਾ। ਇਸ ਨਾਲ ਕਿਸਾਨਾਂ ਵਲੋਂ ਲਗਾਈ ਝੋਨੇ ਦੀ ਪਨੀਰੀ, ਹਰਾ ਚਾਰਾ, ਸਬਜ਼ੀਆਂ ਅਤੇ ਫਲਦਾਰ ਬੂਟਿਆਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।
ਪ੍ਰਭਾਵਿਤ ਕਿਸਾਨਾਂ ਨੇ ਦੱਸਿਆ ਕਿ ਪਾਣੀ ਦੇ ਤੇਜ਼ ਵਹਾਅ ਕਾਰਨ ਕਈ ਖੇਤ ਪਾਣੀ ਹੇਠ ਆ ਗਏ ਹਨ, ਜਿਸ ਨਾਲ ਫ਼ਸਲਾਂ ਦੇ ਖ਼ਰਾਬ ਹੋਣ ਦਾ ਖ਼ਤਰਾ ਵੱਧ ਗਿਆ ਹੈ। ਕਿਸਾਨਾਂ ਨੇ ਸਿੰਚਾਈ ਵਿਭਾਗ ਤੋਂ ਤੁਰੰਤ ਕਾਰਵਾਈ ਕਰਕੇ ਪਾੜ ਨੂੰ ਬੰਦ ਕਰਨ ਅਤੇ ਨੁਕਸਾਨ ਦਾ ਮੁਲਾਂਕਣ ਕਰਕੇ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।
ਇਲਾਕੇ ਦੇ ਲੋਕਾਂ ਅਤੇ ਕਿਸਾਨਾਂ ਵਿਚ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਨੂੰ ਲੈ ਕੇ ਨਾਰਾਜ਼ਗੀ ਪਾਈ ਜਾ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇ ਸਮੇਂ ਸਿਰ ਪਾਣੀ ਬੰਦ ਕਰਕੇ ਪਾੜ ਦੀ ਮੁਰੰਮਤ ਕੀਤੀ ਜਾਂਦੀ ਤਾਂ ਇੰਨਾ ਵੱਡਾ ਨੁਕਸਾਨ ਹੋਣ ਤੋਂ ਬਚਾਇਆ ਜਾ ਸਕਦਾ ਸੀ। ਹੁਣ ਸਾਰਿਆਂ ਦੀਆਂ ਨਜ਼ਰਾਂ ਪ੍ਰਸ਼ਾਸਨ ਅਤੇ ਸਿੰਚਾਈ ਵਿਭਾਗ ਵੱਲ ਟਿਕੀਆਂ ਹੋਈਆਂ ਹਨ ਕਿ ਪ੍ਰਭਾਵਿਤ ਕਿਸਾਨਾਂ ਨੂੰ ਕਦੋਂ ਰਾਹਤ ਮਿਲਦੀ ਹੈ।
;
;
;
;
;
;
;
;
;