JALANDHAR WEATHER

ਸਿੱਧੂ ਮੂਸੇਵਾਲਾ ਦੀ ਮਾਤਾ ਨੇ ਸਾਬਕਾ ਮੈਨੇਜਰ ਬੰਟੀ ਬੈਂਸ 'ਤੇ ਕਰੋੜਾਂ ਰੁਪਏ ਹੇਰ-ਫੇਰ ਕਰਨ ਦੇ ਲਗਾਏ ਦੋਸ਼

ਮਾਨਸਾ, 8 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)-ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਆਪਣੇ ਪੁੱਤਰ ਦੇ ਸਾਬਕਾ ਮੈਨੇਜਰ ਬੰਟੀ ਬੈਂਸ ’ਤੇ ਕਰੋੜਾਂ ਰੁਪਏ ਹੇਰ-ਫੇਰ ਕਰਨ ਦੇ ਦੋਸ਼ ਲਗਾਏ ਹਨ। ਉਨ੍ਹਾਂ ਇਸ ਮਾਮਲੇ ’ਚ ਬੀਤੇ ਕੱਲ੍ਹ ਡੀ.ਜੀ.ਪੀ. ਪੰਜਾਬ ਨੂੰ ਲਿਖਤੀ ਸ਼ਿਕਾਇਤ ਕਰਕੇ ਕਾਰਵਾਈ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਬੰਟੀ ਬੈਂਸ ਪੰਜਾਬੀ ਦਾ ਪ੍ਰਸਿੱਧ ਗੀਤਕਾਰ ਹੈ। ਪਰਿਵਾਰ ਦਾ ਕਹਿਣਾ ਹੈ ਕਿ ਕਈ ਵਾਰ ਬੰਟੀ ਨਾਲ ਪੈਸੇ ਦੇ ਹਿਸਾਬ-ਕਿਤਾਬ ਸਬੰਧੀ ਸੰਪਰਕ ਸਾਧਿਆ ਗਿਆ ਪਰ ਉਹ ਹਰ ਵੇਲੇ ਟਾਲ-ਮਟੋਲ ਕਰਦਾ ਰਿਹਾ। ਮੂਸੇਵਾਲਾ ਦੀ ਮਾਤਾ ਦਾ ਕਹਿਣਾ ਹੈ ਕਿ ਸਿੱਧੂ ਦੀ ਹੱਤਿਆ ਤੱਕ ਉਸ ਦਾ ਮੈਨੇਜਰ ਬੰਟੀ ਸੀ ਅਤੇ ਉਸ ਤੋਂ ਬਾਅਦ ਵੀ ਦੇਸ਼-ਵਿਦੇਸ਼ ’ਚ ਹੁੰਦੇ ਸਾਰੇ ਪ੍ਰੋਗਰਾਮਾਂ ਦਾ ਲੈਣ-ਦੇਣ ਉਸ ਕੋਲ ਸੀ। ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਸਿੱਧੂ ਨੇ ਦੱਸਿਆ ਕਿ ਇਕੱਠੇ ਕੀਤੇ ਰਿਕਾਰਡ ਮੁਤਾਬਕ ਇਹ ਰਕਮ 37 ਕਰੋੜ ਬਣਦੀ ਹੈ ਜਦਕਿ ਪੈਸਾ ਇਸ ਤੋਂ ਵੀ ਜ਼ਿਆਦਾ ਹੈ।

ਉਧਰ ‘ਅਜੀਤ’ ਵਲੋਂ ਬੰਟੀ ਬੈਂਸ ਨਾਲ ਦੇਰ ਸ਼ਾਮ ਸੰਪਰਕ ਕਰਨ ’ਤੇ ਉਨ੍ਹਾਂ ਸਾਰੇ ਦੋਸ਼ਾਂ ਨੂੰ ਮੁੱਢੋਂ ਨਕਾਰ ਦਿੱਤਾ। ਉਨ੍ਹਾਂ ਦੱਸਿਆ ਕਿ ਲੈਣ-ਦੇਣ ਦੇ ਮਾਮਲੇ ’ਚ ਉਸ ਦਾ ਕੋਈ ਸਬੰਧ ਨਹੀਂ ਕਿਉਂਕਿ ਉਹ ਤੇ ਗੁਰਪ੍ਰੀਤ ਸਿੰਘ ਸਿਰਫ਼ ਮੂਸੇਵਾਲਾ ਦੇ ਸਲਾਹਕਾਰ ਵਜੋਂ ਕੰਮ ਕਰਦੇ ਸਨ। ਬੰਟੀ ਨੇ ਦੱਸਿਆ ਕਿ ਸਿੰਘਾਪੁਰ ਦੀ ਕੰਪਨੀ ਨਾਲ ਸਿੱਧੂ ਦਾ 1 ਅਰਬ ਤੋਂ ਵਧੇਰੇ ਪੈਸੇ ਦਾ ਐਗਰੀਮੈਂਟ ਹੋਇਆ ਸੀ, ਜਿਸ ਵਿਚੋਂ ਮੂਸੇਵਾਲਾ ਪਰਿਵਾਰ ਨੂੰ 80 ਪ੍ਰਤੀਸ਼ਤ ਪੈਸਾ ਪੜਾਅਵਾਰ ਮਿਲ ਗਿਆ ਹੈ ਜਦਕਿ ਰਹਿੰਦੀ ਰਕਮ ਸਬੰਧਿਤ ਵਿਅਕਤੀ ਵਲੋਂ ਕਿਸ਼ਤਾਂ ’ਚ ਦੇਣ ਦੀ ਗੱਲ ਕਹੀ ਗਈ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸਿੱਧੂ ਦੀ ਮੌਤ ਤੋਂ ਬਾਅਦ ਪਰਿਵਾਰ ਮੇਰੇ ਤੋਂ ਸਲਾਹ ਲੈਂਦਾ ਰਿਹਾ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ