ਮੰਤਰੀ ਮੰਡਲ ਨੇ ਅਸਾਮ ਅਤੇ ਤ੍ਰਿਪੁਰਾ ਦੇ ਕਬਾਇਲੀ ਖੇਤਰਾਂ ਦੇ ਵਿਕਾਸ ਲਈ 4,250 ਕਰੋੜ ਰੁਪਏ ਦੇ ਪੈਕੇਜ ਨੂੰ ਦਿੱਤੀ ਪ੍ਰਵਾਨਗੀ

ਨਵੀਂ ਦਿੱਲੀ , 8 ਅਗਸਤ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਅਸਾਮ ਅਤੇ ਤ੍ਰਿਪੁਰਾ ਲਈ 4,250 ਕਰੋੜ ਰੁਪਏ ਦੇ ਵਿਸ਼ੇਸ਼ ਵਿਕਾਸ ਪੈਕੇਜ ਨੂੰ ਪ੍ਰਵਾਨਗੀ ਦਿੱਤੀ ਹੈ। ਇਹ ਪੈਕੇਜ ਅਸਾਮ ਅਤੇ ਤ੍ਰਿਪੁਰਾ ਦੇ ਕਮਜ਼ੋਰ ਅਤੇ ਕਬਾਇਲੀ ਭਾਈਚਾਰਿਆਂ ਦੇ ਸਮਾਜਿਕ-ਆਰਥਿਕ ਵਿਕਾਸ ਨੂੰ ਧਿਆਨ ਵਿਚ ਰੱਖਦੇ ਹੋਏ ਤਿਆਰ ਕੀਤਾ ਗਿਆ ਹੈ। ਇਸ ਵਿਚ ਕੁੱਲ 4 ਨਵੇਂ ਭਾਗ ਸ਼ਾਮਿਲ ਕੀਤੇ ਗਏ ਹਨ, ਜੋ ਮੌਜੂਦਾ ਵਿਸ਼ੇਸ਼ ਵਿਕਾਸ ਪੈਕੇਜ (ਐਸ.ਡੀ.ਪੀ.) ਯੋਜਨਾ ਦੇ ਅਧੀਨ ਆਉਣਗੇ।
ਭਾਰਤ ਸਰਕਾਰ ਅਤੇ ਅਸਾਮ ਸਰਕਾਰ ਦੁਆਰਾ ਅਸਾਮ ਦੇ ਕਬਾਇਲੀ ਸਮੂਹਾਂ ਨਾਲ ਹਸਤਾਖਰ ਕੀਤੇ ਗਏ ਸਮਝੌਤੇ ਦੇ ਅਨੁਸਾਰ, ਪਹਿਲਾ ਭਾਗ ਅਸਾਮ ਦੇ ਕਬਾਇਲੀ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ 500 ਕਰੋੜ ਰੁਪਏ ਦਾ ਹੋਵੇਗਾ। ਦੂਜਾ ਭਾਗ ਅਸਾਮ ਦੇ ਉੱਤਰੀ ਕਛਰ ਹਿਲਜ਼ ਆਟੋਨੋਮਸ ਕੌਂਸਲ (ਐਨ.ਸੀ.ਐਚ.ਏ.ਸੀ.) ਖੇਤਰ ਵਿਚ ਦਿਮਾਸਾ ਨੈਸ਼ਨਲ ਲਿਬਰੇਸ਼ਨ ਆਰਮੀ (ਡੀ.ਐਨ.ਐਲ.ਏ.) ਅਤੇ ਦਿਮਾਸਾ ਪੀਪਲਜ਼ ਸੁਪਰੀਮ ਕੌਂਸਲ (ਡੀ.ਪੀ.ਏ.ਸੀ.) ਦੁਆਰਾ ਵਸੇ ਪਿੰਡਾਂ ਵਿਚ ਵਿਕਾਸ ਲਈ 500 ਕਰੋੜ ਰੁਪਏ ਦਾ ਹੈ।
ਤੀਜੇ ਹਿੱਸੇ ਦੇ ਤਹਿਤ, ਉਲਫਾ ਸਮੂਹਾਂ ਨਾਲ ਹੋਏ ਸਮਝੌਤੇ ਅਨੁਸਾਰ ਅਸਾਮ ਵਿਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ 3,000 ਕਰੋੜ ਰੁਪਏ ਅਲਾਟ ਕੀਤੇ ਜਾਣਗੇ। ਚੌਥਾ ਹਿੱਸਾ ਤ੍ਰਿਪੁਰਾ ਵਿਚ ਕਬਾਇਲੀ ਵਿਕਾਸ 'ਤੇ ਕੇਂਦ੍ਰਤ ਕਰਦਾ ਹੈ, ਜਿਸ ਵਿਚ ਤ੍ਰਿਪੁਰਾ ਸਰਕਾਰ ਅਤੇ ਕੇਂਦਰ ਸਰਕਾਰ ਨੇ ਨੈਸ਼ਨਲ ਲਿਬਰੇਸ਼ਨ ਫਰੰਟ ਆਫ਼ ਤ੍ਰਿਪੁਰਾ ਅਤੇ ਆਲ ਤ੍ਰਿਪੁਰਾ ਟਾਈਗਰ ਫੋਰਸ ਨਾਲ ਹੋਏ ਸਮਝੌਤੇ ਅਨੁਸਾਰ ਸਾਂਝੇ ਤੌਰ 'ਤੇ 250 ਕਰੋੜ ਰੁਪਏ ਅਲਾਟ ਕੀਤੇ ਹਨ।